ISRO ਨੇ ਸਵਦੇਸ਼ੀ ਸਪੇਸ ਸ਼ਟਲ ਕੀਤਾ ਲਾਂਚ
Tuesday, May 24, 2016 - 10:35 AM (IST)
ਭਾਰਤ ਨੇ ਜਮਾਈ ਪੁਲਾੜ ''ਚ ਧਾਕ
ਜਲੰਧਰ—ਭਾਰਤ ਨੇ ਪੁਲਾੜ ਵਿਚ ਧਾਕ ਜਮਾਉਂਦੇ ਹੋਏ ਸਵਦੇਸ਼ੀ ਆਰ. ਐੱਲ. ਵੀ. ਮਤਲਬ ਦੁਬਾਰਾ ਵਰਤੋਂ ਕੀਤੇ ਜਾ ਸਕਣ ਵਾਲੇ ਸਪੇਸ ਸ਼ਟਲ ਦੇ ਪਹਿਲੇ ਤਕਨੀਕੀ ਪ੍ਰਦਰਸ਼ਨ ਦਾ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਵਿਚ ਸਫਲ ਤਜਰਬਾ ਕੀਤਾ। ਇਸ ਨੂੰ ''ਸਵਦੇਸ਼ੀ ਸਪੇਸ ਸ਼ਟਲ'' ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਛੱਡੇ ਗਏ ਇਹ ਆਰ. ਐੱਲ. ਵੀ.-ਟੀ. ਡੀ. ਤਕਨੀਕ ਦੇ ਪ੍ਰਦਰਸ਼ਨ ਦਾ ਤਜਰਬਾ ਹੈ ਅਤੇ ਇਸਨੂੰ ਖਾਸ ਰਾਕੇਟ ਬੂਸਟਰ ਜ਼ਰੀਏ 65 ਕਿਲੋਮੀਟਰ ਤੋਂ ਜ਼ਿਆਦਾ ਉਚਾਈ ''ਤੇ ਵਾਯੂਮੰਡਲ ਵਿਚ ਭੇਜਿਆ ਗਿਆ। ਬੰਗਾਲ ਦੀ ਖਾੜੀ ਵਿਚ ਡਿੱਗਣ ਤੋਂ ਪਹਿਲਾਂ ਇਸਨੂੰ ਪੁਲਾੜ ਵਿਚ ਦੁਬਾਰਾ ਪ੍ਰਵੇਸ਼ ਕਰਵਾਇਆ ਗਿਆ।
ਹਾਈਪਰਸੋਨਿਕ ਰਫਤਾਰ ''ਤੇ ਵਿੰਗ ਵਾਲੇ ਏਅਰੋਸਪੇਸ ਵ੍ਹੀਕਲ ਦਾ ਭਾਰਤ ਦਾ ਇਹ ਪਹਿਲਾ ਤਜਰਬਾ ਹੈ। ਇਹ ਸਪੇਸ ਸ਼ਟਲ ਹੁਣ ਤੱਕ ਸਿਰਫ ਅਮਰੀਕਾ, ਰੂਸ, ਫ੍ਰਾਂਸ ਅਤੇ ਜਪਾਨ ਦੇ ਕੋਲ ਹੈ। 6.5 ਮੀਟਰ ਲੰਬੇ ਜਹਾਜ਼ ਵਰਗੇ ਦਿਸਣ ਵਾਲੇ ਇਸ ਸਪੇਸ ਸ਼ਟਲ ਦਾ ਵਜ਼ਨ 1.75 ਟਨ ਹੈ। ਆਰ. ਐੱਲ. ਵੀ.-ਟੀ. ਡੀ. ਦਾ ਮੁੱਖ ਟੀਚਾ ਧਰਤੀ ਦੇ ਬੰਧ ਵਿਚ ਸੈਟੇਲਾਈਟ ਨੂੰ ਪਹੁੰਚਾਉਣਾ ਅਤੇ ਫਿਰ ਵਾਯੂਮੰਡਲ ਵਿਚ ਵਾਪਸ ਲਿਆਉਣਾ ਹੈ। ਇਥੇ ਦੱਸਣਯੋਗ ਹੈ ਕਿ ਫਿਰ ਤੋਂ ਵਰਤੋਂ ਕੀਤੇ ਜਾਣ ਵਾਲੇ ਇਸ ਸਪੇਸ ਸ਼ਟਲ ਦੇ ਵਿਚਾਰ ਨੂੰ ਬਹੁਤ ਦੇਸ਼ ਖਾਰਿਜ ਕਰ ਚੁੱਕੇ ਹਨ ਪਰ ਇੰਜੀਨੀਅਰਾਂ ਦਾ ਮੰਨਣਾ ਹੈ ਕਿ ਉਪ ਗ੍ਰਹਿਆਂ ਨੂੰ ਧਰਤੀ ਦੇ ਬੰਧ ਵਿਚ ਪਹੁੰਚਾਉਣ ਦੀ ਲਾਗਤ ਨੂੰ ਘੱਟ ਕਰਨ ਦਾ ਇਹੀ ਉਪਾਅ ਹੈ। ਇਸ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਸਪੇਸ ਸ਼ਟਲ ਦੀ ਸਫਲਤਾ ਲਈ ਵਧਾਈ ਦਿੱਤੀ।
