Hyundai Kona EV ਦੇ ਬੈਟਰੀ ਸਿਸਟਮ ’ਚ ਆ ਰਹੀ ਸਮੱਸਿਆ, ਕੰਪਨੀ ਨੇ ਕੀਤਾ ਰੀਕਾਲ

12/04/2020 1:29:42 PM

ਆਟੋ ਡੈਸਕ– ਹੁੰਡਈ ਨੇ ਆਪਣੀ ਪ੍ਰਸਿੱਧ ਇਲੈਕਟ੍ਰਿਕ ਕਾਰ ਕੋਨਾ ਨੂੰ ਰੀਕਾਲ ਕੀਤਾ ਹੈ। ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਲੈਕਟ੍ਰਿਕ ਕ੍ਰਾਸਓਵਰ ਦੀਆਂ 456 ਇਕਾਈਆਂ ਨੂੰ ਰੀਕਾਲ ਕਰਨ ਵਾਲੀ ਹੈ। ਕੰਪਨੀ ਨੇ ਦੱਸਿਆ ਕਿ ਰੀਕਾਲ ਕੀਤੀਆਂ ਜਾਣ ਵਾਲੀਆਂ ਇਕਾਈਆਂ 1 ਅਪ੍ਰੈਲ 2020 ਤੋਂ 31 ਅਕਤੂਬਰ 2020 ਵਿਚਕਾਰ ਬਣਾਈਆਂ ਗਈਆਂ ਹਨ। 

ਹਾਈ-ਵੋਲਟੇਜ ਬੈਟਰੀ ਸਿਸਟਮ ’ਚ ਆ ਰਹੀ ਸਮੱਸਿਆ
ਕੰਪਨੀ ਕੋਨਾ ਦੀਆਂ ਇਨ੍ਹਾਂ ਇਕਾਈਆਂ ਨੂੰ ਇਸ ਲਈ ਰੀਕਾਲ ਕਰ ਰਹੀ ਹੈ ਤਾਂ ਜੋ ਉਹ ਇਸ ਦੇ ਹਾਈ-ਵੋਲਟੇਜ ਬੈਟਰੀ ਸਿਸਟਮ ’ਚ ਆ ਰਹੀ ਸਮੱਸਿਆ ਦੀ ਜਾਂਚ ਕਰ ਸਕੇ। ਹਾਲ ਦੇ ਦਿਨਾਂ ’ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕੋਨਾ ਇਲੈਕਟ੍ਰਿਕ ’ਚ ਅੱਗ ਲੱਗ ਗਈ ਸੀ। ਅੱਗ ਲੱਗਣ ਦਾ ਕਾਰਨ ਇਸ ਕ੍ਰਾਸਓਵਰ ’ਚ ਦਿੱਤੇ ਗਏ ਬੈਟਰੀ ਸਿਸਟਮ ’ਚ ਆਈ ਕੋਈ ਖਾਮੀ ਹੋ ਸਕਦਾ ਹੈ। 

ਜਾਣਾ ਹੋਵੇਗਾ ਹੁੰਡਈ ਇਲੈਕਟ੍ਰਿਕ ਦੇ ਡੀਲਰਸ਼ਿਪ
ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਕਾਰ ’ਚ ਆ ਰਹੀ ਗੜਬੜੀ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਬਿਨਾਂ ਕਿਸੇ ਫੀਸ ਦੇ ਇਸ ਨੂੰ ਠੀਕ ਕੀਤਾ ਜਾਵੇਗਾ। ਕੰਪਨੀ ਨੇ ਅੱਗੇ ਦੱਸਿਆ ਕਿ ਉਹ ਸਾਰੇ ਕੋਨਾ ਇਲੈਕਟ੍ਰਿਕ ਦੇ ਮਾਲਕਾਂ ਨੂੰ ਹੌਲੀ-ਹੌਲੀ ਇਸ ਸਮੱਸਿਆ ਬਾਰੇ ਦੱਸੇਗੀ ਤਾਂ ਜੋ ਉਹ ਸਾਰੇ ਨਜ਼ਦੀਕੀ ਹੁੰਡਈ ਇਲੈਕਟ੍ਰਿਕ ਵਾਹਨ ਡੀਲਰ ’ਤੇ ਜਾ ਕੇ ਆਪਣੀ ਕਾਰ ਦੀ ਜਾਂਚ ਕਰਵਾ ਸਕਣ। 

ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਰੀਕਾਲ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੋਨਾ ਇਲੈਕਟ੍ਰਿਕ ਨੂੰ ਰੀਕਾਲ ਕੀਤਾ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ’ਚ ਵੀ ਕੰਪਨੀ ਨੇ ਕਾਰ ਨੂੰ ਸਾਫਟਵੇਅਰ ਅਪਡੇਟ ਅਤੇ ਬੈਟਰੀ ਰਿਪਲੇਸਮੈਂਟ ਲਈ ਰੀਕਾਲ ਕੀਤਾ ਸੀ। ਇਸ ਵਿਚ ਕੰਪਨੀ ਨੇ ਸਤੰਬਰ 2017 ਤੋਂ ਮਾਰਚ 2020 ਦੇ ਵਿਚਕਾਰ ਬਣੀਆਂ ਕਾਰਾਂ ਨੂੰ ਰੀਕਾਲ ਕੀਤਾ ਸੀ। 

ਐੱਲ.ਜੀ. ਨੇ ਤਿਆਰ ਕੀਤੀ ਹੈ ਬੈਟਰੀ
ਹੁੰਡਈ ਕੋਨਾ ’ਚ ਲੱਗੀ ਬੈਟਰੀ ਨੂੰ ਐੱਲ.ਜੀ. ਕੈਮੀਕਲਸ ਲਿਮਟਿਡ ਨੇ ਤਿਆਰ ਕੀਤਾ ਹੈ। ਐੱਲ.ਜੀ. ਨੇ ਕਿਹਾ ਕਿ ਉਸ ਨੇ ਹੁੰਡਈ ਨਾਲ ਮਿਲ ਕੇ ਇਕ ਪ੍ਰਯੋਗ ਤਹਿਤ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪ੍ਰਯੋਗ ਦੌਰਾਨ ਕਾਰ ’ਚ ਅੱਗ ਨਹੀਂ ਲੱਗੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਕਾਰ ’ਚ ਅੱਗ ਲੱਗਣ ਦਾ ਕਾਰਨ ਬੈਟਰੀ ਨਹੀਂ ਹੈ। ਫਿਲਹਾਲ ਕੰਪਨੀ ਇਸ ਖਾਮੀ ਦੇ ਅਸਲ ਕਾਰਨ ਦਾ ਪਤਾ ਲਗਾਉਣ ’ਚ ਜੁਟੀ ਹੈ। 


Rakesh

Content Editor

Related News