Huawei ਨੇ ਤਿਆਰ ਕੀਤਾ ਆਪਣਾ ਆਪਰੇਟਿੰਗ ਸਿਸਟਮ, ਐਂਡਰਾਇਡ ਨੂੰ ਕਰੇਗਾ ਰਿਪਲੇਸ

03/18/2019 11:49:40 AM

ਗੈਜੇਟ ਡੈਸਕ– ਪਿਛਲੇ ਕੁਝ ਸਾਲਾਂ ਤੋਂ Huawei ਦੇ ਸਮਾਰਟਫੋਨ ਬਿਜ਼ਨਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇੰਨਾ ਹੀ ਨਹੀਂ ਹੁਵਾਵੇਈ ਹਾਲ ਹੀ ’ਚ ਐਪਲ ਨੂੰ ਪਛਾੜਦੇ ਹੋਏ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣ ਗਈ ਹੈ। ਹਾਲ ਹੀ ’ਚ ਦਿੱਤੀ ਗਈ ਇਕ ਇੰਟਰਵਿਊ ’ਚ ਕੰਪਨੀ ਦੇ ਐਗਜ਼ੀਕਿਉਟਿਵ ਰਿਚਰਡ ਯੂ ਨੇ ਦੱਸਿਆ ਕਿ ਹੁਵਾਵੇਈ ਕੋਲ ਆਪਣਾ ਖੁਦ ਦਾ ਆਪਰੇਟਿੰਗ ਸਿਸਟਮ ਤਿਆਰ ਹੈ ਅਤੇ ਉਸ ਨੂੰ ਰੋਲ ਆਊਟ ਲਈ ਸਟੈਂਡਬਾਈ ’ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਹੁਵਾਵੇਈ ਅਤੇ ਆਨਰ ਦੇ ਸਮਾਰਟਫੋਨ ਗੂਗਲ ਦੇ ਐਂਡਰਾਇਡ ’ਤੇ ਬੇਸਡ EMUI ਓ.ਐੱਸ. ’ਤੇ ਕੰਮ ਕਰਦੇ ਹਨ। 

ਸਾਊਥ ਚਾਈਨਾ ਮਾਰਨਿੰਗ ਪੋਸਟ ’ਚ ਛਪੀ ਇਕ ਰਿਪੋਰਟ ਮੁਤਾਬਕ ਹੁਵਾਵੇਈ ਆਪਣਾ ਆਪਰੇਟਿੰਗ ਸਿਸਟਮ ’ਤੇ ਪਿਛਲੇ 7 ਸਾਲਾਂ ਤੋਂ ਕੰਮ ਕਰ ਰਹੀ ਹੈ। ਹੁਵਾਵੇਈ ਨੇ ਆਪਣਾ ਆਪਰੇਟਿੰਗ ਸਿਸਟਮ ਬਣਾਉਣ ਦੀ ਸ਼ੁਰੂਆਤ ਉਦੋਂ ਕੀਤੀ ਸੀ ਜਦੋਂ ਅਮਰੀਕਾ ਦੁਆਰਾ ਸ਼ੁਰੂ ਕੀਤੀ ਗਈ ਜਾਂਚ ’ਚ ZTE ਬ੍ਰਾਂਡ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਸਮਾਰਟਫੋਨਸ ਅਤੇ ਲੈਪਟਾਪਸ ਲਈ ਗੂਗਲ ਦੇ ਐਂਡਰਾਇਡ ਅਤੇ ਮਾਈਕ੍ਰੋਸਾਫਟ ਵਿੰਡੋਜ਼ ਦਾ ਇਸਤੇਮਾਲ ਜਾਰੀ ਰੱਖੇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਸਾਫ ਕੀਤਾ ਸੀ ਕਿ ਉਹ ਲੋੜ ਪੈਣ ’ਤੇ ਆਪਣਾ ਖੁਦ ਦਾ ਆਪਰੇਟਿੰਗ ਸਿਸਟਮ ਵੀ ਲਿਆ ਸਕਦੀ ਹੈ। 

ਜ਼ਿਕਰਯੋਗ ਹੈ ਕਿ ਹਾਲ ਹੀ ’ਚ ਅਮਰੀਕਾ ਨੇ ਹੁਵਾਵੇਈ ਦੇ ਟੈਲੀਕਾਮ ਇਕਵਿਪਮੈਂਟ ਦੇ ਇਸਤੇਮਾਲ ’ਤੇ ਬੈਨ ਲਗਾ ਦਿੱਤਾ ਸੀ। ਕੰਪਨੀ ’ਤੇ ਬੈਨ ਲੱਗਣ ਤੋਂ ਬਾਅਦ ਹੀ ਹੁਵਾਵੇਈ ਦੀ ਚਿੰਤਾ ਕਾਫੀ ਵਧ ਗਈ ਹੈ ਕਿਉਂਕਿ ਅਮਰੀਕਾ ਉਸ ਲਈ ਇਕ ਵੱਡਾ ਬਾਜ਼ਾਰ ਹੈ। ਕਿਹਾ ਜਾ ਰਿਹਾ ਹੈ ਕਿ ਬੈਨ ਤੋਂ ਬਾਅਦ ਹੁਵਾਵੇਈ ਦੇ ਰੈਵੇਨਿਊ ’ਤੇ ਕਾਫੀ ਅਸਰ ਪੈ ਸਕਦਾ ਹੈ। ਦੱਸ ਦੇਈਏ ਕਿ ਹੁਵਾਵੇਈ ਨੇ ਆਪਣੇ ’ਤੇ ਲੱਗੇ ਇਸ ਬੈਨ ਖਿਲਾਫ ਅਮਰੀਕਾ ਦੀ ਅਦਾਲਤ ’ਚ ਕੇਸ ਫਾਈਲ ਕੀਤਾ ਹੈ। ਜੇਕਰ ਹੁਵਾਵੇਈ ਕੇਸ ਜਿੱਤ ਜਾਂਦੀ ਹੈ ਤਾਂ ਉਸ ਲਈ ਇਹ ਕਾਫੀ ਰਾਹਤ ਦੀ ਗੱਲ ਹੋਵੇਗੀ ਅਤੇ ਕੰਪਨੀ ਦਾ ਬਿਜ਼ਨਸ ਇਕ ਵਾਰ ਫਿਰ ਤੋਂ ਅਮਰੀਕਾ ’ਚ ਸ਼ੁਰੂ ਹੋ ਜਾਵੇਗਾ। ਉਥੇ ਹੀ ਜੇਕਰ ਹੁਵਾਵੇਈ ਇਹ ਕੇਸ ਹਾਰਦੀ ਹੈ ਤਾਂ ਉਸ ਦੀ ਪਰੇਸ਼ਾਨੀ ਕਾਫੀ ਵਧ ਜਾਵੇਗੀ ਕਿਉਂਕਿ ਇਸ ਤੋਂ ਬਾਅਦ ਹੁਵਾਵੇਈ ਆਪਣੇ ਫੋਨਜ਼ ’ਚ ਗੂਗਲ ਦੀਆਂ ਸੇਵਾਵਾਂ ਅਤੇ ਐਂਡਰਾਇਡ ਆਪਰੇਟਿੰਗ ਸਿਸਟਮ ਨਹੀਂ ਦੇ ਸਕੇਗੀ। 


Related News