ਗੂਗਲ ਕ੍ਰੋਮ ਯੂਜ਼ਰਜ਼ ਹੋ ਜਾਣ ਸਾਵਧਾਨ, ਸਰਕਾਰੀ ਸਾਈਬਰ ਏਜੰਸੀ ਨੇ ਦਿੱਤੀ ਚਿਤਾਵਨੀ
Saturday, Aug 10, 2024 - 05:31 PM (IST)

ਗੈਜੇਟ ਡੈਸਕ- ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇਕ ਵਾਰ ਫਿਰ ਤੋਂ ਗੂਗਲ ਕ੍ਰੋਮ ਬ੍ਰਾਊਜ਼ਰ ਲਈ ਚਿਤਾਵਨੀ ਜਾਰੀ ਕੀਤੀ ਹੈ। CERT-In ਨੇ ਕਿਹਾ ਹੈ ਕਿ ਕ੍ਰੋਮ ਬ੍ਰਾਊਜ਼ਰ 'ਚ ਬਹੁਤ ਸਾਰੇ ਬਗ ਹਨ ਜਿਨ੍ਹਾਂ ਦਾ ਫਾਇਦਾ ਹੈਕਰ ਚੁੱਕ ਸਕਦੇ ਹਨ। CERT-In ਨੇ ਕਿਹਾ ਹੈ ਕਿ ਕ੍ਰੋਮ ਦੇ ਵੈੱਬ ਯੂਜ਼ਰਜ਼ ਆਪਣੇ ਕ੍ਰੋਮ ਨੂੰ ਤੁਰੰਤ ਪ੍ਰਭਾਵ ਨਾਲ ਅਪਡੇਟ ਕਰਨ।
CERT-In ਨੇ ਕਿਹਾ ਹੈ ਕਿ ਕ੍ਰੋਮ ਦੇ ਵੈੱਬ ਵਰਜ਼ਨ 'ਚ ਕਈ ਖਾਮੀਆਂ ਹਨ ਜਿਨ੍ਹਾਂ ਦਾ ਫਾਇਦਾ ਚੁੱਕ ਕੇ ਹੈਕਰ ਤੁਹਾਡੇ ਸਿਸਟਮ ਨੂੰ ਰਿਮੋਟਲੀ ਕੰਟਰੋਲ ਕਰ ਸਕਦੇ ਹਨ। ਇਹ ਖਾਮੀਆਂ ਆਰਬਿਟਰੀ ਕੋਡ 'ਚ ਹਨ। CERT-In ਮੁਤਾਬਕ, ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਸਿਸਟਮ 'ਚ ਮੌਜੂਦ ਡਾਟਾ ਨੂੰ ਕਾਪੀ ਕਰ ਸਕਦੇ ਹਨ।
ਇਸ ਤੋਂ ਇਲਾਵਾ ਤੁਹਾਡੇ ਸਿਸਟਮ ਨੂੰ ਰਿਮੋਟਲੀ ਬੰਦ ਵੀ ਕਰ ਸਕਦੇ ਹਨ ਅਤੇ ਬ੍ਰਾਊਜ਼ਰ 'ਚ ਸੇਵ ਸਾਰੇ ਪਾਸਵਰਡ ਨੂੰ ਵੀ ਕਾਪੀ ਕਰ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨੈੱਟਵਰਕ ਅਤੇ ਸਿਸਟਮ ਦੋਵਾਂ 'ਚ ਮਾਲਵੇਅਰ ਪਾਏ ਜਾ ਸਕਦੇ ਹਨ। CERT-In ਮੁਤਾਬਕ, ਵਿੰਡੋਜ਼ ਅਤੇ ਮੈਕ ਯੂਜ਼ਰਜ਼ ਨੂੰ ਆਪਣੇ ਕ੍ਰੋਮ ਬ੍ਰਾਊਜ਼ਰ ਨੂੰ 127.0.6533.88/89 ਦੇ ਨਾਲ ਅਪਡੇਟ ਕਰ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਖਾਮੀਆਂ ਤੋਂ ਬਚਣ ਦਾ ਆਸਾਨ ਰਸਤਾ ਇਹੀ ਹੁੰਦਾ ਹੈ ਕਿ ਤੁਸੀਂ ਕ੍ਰੋਮ ਬ੍ਰਾਊਜ਼ਰ ਨੂੰ ਆਟੋਮੈਟਿਕ ਅਪਡੇਟ ਮੋਡ 'ਤੇ ਰੱਖੋ।