ਮੁੜ ਵਿਵਾਦਾਂ ''ਚ ਘਿਰਿਆ Google,ਇਸ ਸ਼ਿਕਾਇਤ ''ਤੇ CCI ਨੇ ਦਿੱਤੇ ਜਾਂਚ ਦੇ ਹੁਕਮ

Saturday, Oct 08, 2022 - 05:59 PM (IST)

ਗੈਜੇਟ ਡੈਸਕ- ਟੈੱਕ ਕੰਪਨੀ ਗੂਗਲ ਇਕ ਵਾਰ ਮੁੜ ਵਿਵਾਦਾਂ ਵਿਚ ਘਿਰਦੀ ਨਜ਼ਰ ਆ ਰਹੀ ਹੈ। ਨਿਊਜ਼ ਕੰਟੈਂਟ ਸਬੰਧੀ ਮਿਲੀ ਸ਼ਿਕਾਇਤ 'ਤੇ ਕੰਪੀਟਿਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਗੂਗਲ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਨਿਊਜ਼ ਬ੍ਰਾਡਕਾਸਟਰਜ਼ ਐਂਡ ਡਿਜੀਟਲ ਐਸੋਸੀਏਸ਼ਨ ਵੱਲੋਂ ਸੀ.ਸੀ.ਆਈ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਗੂਗਲ ਵੱਲੋਂ ਸਰਚ ਰਿਜ਼ਲਟ ਵਿਚ ਆਪਣਾ ਲਿੰਕ ਉੱਪਰ ਰਖਵਾਉਣ ਲਈ ਉਨ੍ਹਾਂ ਨੂੰ ਆਪਣੀ ਖਬਰ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਗੂਗਲ ਤੇ ਇਸ ਜਾਣਕਾਰੀ ਨੂੰ ਮੁਫਤ ਵਿਚ ਵਰਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੀ.ਸੀ.ਆਈ ਨੇ ਇਸ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਰੈਗੂਲੇਟਰ ਦੀ ਜਾਂਚ ਬ੍ਰਾਂਚ ਦੇ ਮਹਾਨਿਰਦੇਸ਼ਕ ਨੂੰ ਕੰਸੋਲਿਡੇਟਡ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।  
ਪਹਿਲਾਂ ਚੱਲ ਰਹੇ 2 ਮਾਮਲਿਆਂ ਨਾਲ ਜੋੜੀ ਜਾਵੇਗੀ ਸ਼ਿਕਾਇਤ
ਇਸ ਨਾਲ ਮਿਲਦੇ ਜੁਲਦੇ 2 ਮਾਮਲਿਆਂ ਵਿਚ ਗੂਗਲ ਖਿਲਾਫ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ ਵੱਲੋਂ ਵੀ ਗੂਗਲ ਖਿਲਾਫ ਸ਼ਿਕਾਇਤ ਸੀ.ਸੀ.ਆਈ ਨੂੰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਜਨਵਰੀ ਵਿਚ ਗੂਗਲ ਖਿਲਾਫ ਸ਼ਿਕਾਇਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸੇ ਤਰ੍ਹਾਂ ਆਨਲਾਈਨ ਗੇਮਿੰਗ ਐਪ ਵਿੰਜ਼ੋ ਨੇ ਵੀ ਗੂਗਲ ਖਿਲਾਫ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਗੂਗਲ ਵੱਲੋਂ ਆਪਣੇ ਪਲੇਅ ਸਟੋਰ ਤੋਂ ਅਜਿਹੀਆਂ ਸਾਰੀਆਂ ਖੇਡਾਂ ਨੂੰ ਹਟਾ ਦਿੱਤਾ ਗਿਆ ਜਿਸ ਵਿਚ ਪੈਸਾ ਸ਼ੁਮਾਰ ਹੁੰਦਾ ਹੈ। ਉੱਥੇ ਸਿਰਫ ਰੋਜ਼ਾਨਾ ਫੈਂਟਸੀ ਖੇਡਾਂ ਅਤੇ ਰਮੀ ਖੇਡ ਐਪਲੀਕੇਸ਼ਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅਦਾਲਤ ਵੱਲੋਂ ਗੂਗਲ ਦਾ ਪੱਖ ਪੁੱਛਿਆ ਗਿਆ ਹੈ। ਸੀ.ਸੀ.ਆਈ ਨੇ ਨਵੀਂ ਸ਼ਿਕਾਇਤ ਨੂੰ ਵੀ ਉਕਤ ਦੋਵੇਂ ਮਾਮਲਿਆਂ ਦੇ ਨਾਲ ਜੋੜਣ ਦਾ ਫ਼ੈਸਲਾ ਕੀਤਾ ਹੈ।


Aarti dhillon

Content Editor

Related News