ਗੂਗਲ ਖਿਲਾਫ ਦਰਜ ਹੋਇਆ ਮੁਕੱਦਮਾ, 5.4 ਮਿਲੀਅਨ ਆਈਫੋਨ ਯੂਜ਼ਰਸ ਦਾ ਡਾਟਾ ਚੋਰੀ ਕਰਨ ਦਾ ਦੋਸ਼

12/04/2017 11:16:51 AM

ਜਲੰਧਰ- ਚੀਨੀ ਕੰਪਨੀਆਂ ਵਲੋਂ ਯੂਜ਼ਰ ਦਾ ਡਾਟਾ ਚੋਰੀ ਕਰਨ ਤੋਂ ਬਾਅਦ ਹੁਣ ਚੋਟੀ ਦੀ ਇੰਟਰਨੈੱਟ ਕੰਪਨੀ ਗੂਗਲ 'ਤੇ ਆਈਫੋਨ ਯੂਜ਼ਰਸ ਦਾ ਡਾਟਾ ਤੇ ਜ਼ਰੂਰੀ ਜਾਣਕਾਰੀ ਚੋਰੀ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਯੂ. ਕੇ. ਆਧਾਰਤ "Google You Owe Us" ਨਾਂ ਦੇ ਗਰੁੱਪ ਨੇ ਗੂਗਲ 'ਤੇ ਦੋਸ਼ ਲਾਇਆ ਹੈ ਕਿ ਉਸ ਨੇ ਜੂਨ 2011 ਤੋਂ ਫਰਵਰੀ 2012 ਤੱਕ ਗੈਰ-ਕਾਨੂੰਨੀ ਤੌਰ 'ਤੇ ਯੂਜ਼ਰਸ ਦੀ ਜਾਣਕਾਰੀ ਨੂੰ ਜਮ੍ਹਾ ਕੀਤਾ ਹੈ। ਇਸ ਗਰੁੱਪ ਨੇ 5.4 ਮਿਲੀਅਨ ਆਈਫੋਨ ਯੂਜ਼ਰਸ ਦਾ ਡਾਟਾ ਚੋਰੀ ਕਰਨ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਸ ਗਰੁੱਪ ਨੂੰ ਲੀਡ ਕਰ ਰਹੇ ਰਿਚਰਡ ਲਾਇਡ ਨੇ ਬ੍ਰਿਟਿਸ਼ ਲਾਅ ਫਰਮ ਮਿਸ਼ੋਨ ਦਿ ਰੇਆ ਦੀ ਸਲਾਹ ਨਾਲ ਦਾਅਵਾ ਕਰਦੇ ਹੋਏ ਇਹ ਮੁਕੱਦਮਾ ਦਾਇਰ ਕੀਤਾ ਹੈ ਕਿ ਗੂਗਲ ਨੇ ਜੂਨ 2011 ਤੋਂ ਫਰਵਰੀ 2012 ਤਕ ਗੈਰ-ਕਾਨੂੰਨੀ ਤੌਰ 'ਤੇ ਆਈਫੋਨ ਦੀ ਡਿਫਾਲਟ ਪ੍ਰਾਈਵੇਸੀ ਸੈਟਿੰਗ ਨੂੰ ਬਾਈਪਾਸ ਕਰਦੇ ਹੋਏ ਗੈਰ-ਕਾਨੂੰਨੀ ਤਰੀਕੇ ਨਾਲ ਯੂਜ਼ਰਸ ਦੀ ਜਾਣਕਾਰੀ ਨੂੰ ਜਮ੍ਹਾ ਕੀਤਾ ਹੈ।

ਰਿਚਰਡ ਲਾਇਡ ਨੇ ਦਿੱਤਾ ਅਹਿਮ ਬਿਆਨ
ਗੂਗਲ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੇ ਰਿਚਰਡ ਲਾਇਡ ਨੇ ਕਿਹਾ ਹੈ ''ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਫਾਈਟ ਹੈ। ਮੈਨੂੰ ਵਿਸ਼ਵਾਸ ਹੈ ਕਿ ਗੂਗਲ ਨੇ ਜੋ ਕੀਤਾ ਹੈ, ਉਹ ਸਿੱਧਾ ਹੀ ਕਾਨੂੰਨ ਦੇ ਵਿਰੁੱਧ ਹੈ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਮੁਕੱਦਮੇ ਰਾਹੀਂ ਅਸੀਂ ਗੂਗਲ ਅਤੇ ਸਿਲੀਕਾਨ ਵੈਲੀ ਦੀਆਂ ਹੋਰ ਚੋਟੀ ਦੀਆਂ ਕੰਪਨੀਆਂ ਤਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਕਾਨੂੰਨ ਦੀ ਉਲੰਘਣਾ ਕਰਨ 'ਤੇ ਅਸੀਂ ਮੁਕੱਦਮੇ ਰਾਹੀਂ ਲੜਨ ਲਈ ਤਿਆਰ ਹਾਂ।'' ਉਨ੍ਹਾਂ ਕਿਹਾ ਕਿ ''ਹੁਣ ਤਕ ਮੈਂ ਖਪਤਕਾਰਾਂ ਲਈ ਕਾਫੀ ਕੇਸ ਲੜੇ ਹਨ ਪਰ ਹੁਣ ਤਕ ਯੂਜ਼ਰਸ ਦੇ ਭਰੋਸੇ ਦੀ ਅਜਿਹੀ ਦੁਰਵਰਤੋਂ ਹੁੰਦੇ ਨਹੀਂ ਦੇਖੀ ਹੈ। ਯੂ. ਕੇ. 'ਚ ਇਹ ਪਹਿਲਾ ਅਜਿਹਾ ਕੇਸ ਹੈ, ਜਦੋਂ ਕਿਸੇ ਵੱਡੀ ਟੈੱਕ ਕੰਪਨੀ ਨੇ ਯੂਜ਼ਰਸ ਦੇ ਕੀਮਤੀ ਨਿੱਜੀ ਡਾਟੇ ਦੀ ਦੁਰਵਰਤੋਂ ਕੀਤੀ ਹੈ। ਮੈਂ ਇਸ ਗੱਲ ਨੂੰ ਸਾਰੀ ਦੁਨੀਆ ਤਕ ਪਹੁੰਚਾਉਣਾ ਚਾਹੁੰਦਾ ਹਾਂ। ਅਸੀਂ ਮਿਲ ਕੇ ਗੂਗਲ ਨੂੰ ਇਹ ਦੱਸਾਂਗੇ ਕਿ ਸਾਡੀ ਸਹਿਮਤੀ ਤੋਂ ਬਗੈਰ ਸਾਡੇ ਡਾਟਾ ਨੂੰ ਚੋਰੀ ਕਰਨਾ ਗੈਰ-ਕਾਨੂੰਨੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੰਪਨੀ ਕਿੰਨੀ ਵੱਡੀ ਤੇ ਤਾਕਤਵਰ ਹੈ, ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।''

ਆਈਫੋਨ ਨਾਲ ਚੋਰੀ ਕੀਤਾ ਗਿਆ ਡਾਟਾ
ਐਨਗੈਜੇਟ ਦੀ ਰਿਪੋਰਟ ਮੁਤਾਬਕ ਆਈਫੋਨ ਦੇ ਸਫਾਰੀ ਬ੍ਰਾਊਜ਼ਰ 'ਚ ਲੂਪਹੋਲ ਦਾ ਫਾਇਦਾ ਉਠਾਉਂਦੇ ਹੋਏ ਆਈਫੋਨ ਯੂਜ਼ਰਸ ਦਾ ਡਾਟਾ ਇਕੱਠਾ ਕੀਤਾ ਗਿਆ ਹੈ। ਇਸ ਡਾਟਾ 'ਚ ਯੂਜ਼ਰਸ ਦੀ ਇੰਟਰਨੈੱਟ ਬ੍ਰਾਊਜ਼ਰ ਹਿਸਟਰੀ ਵੀ ਸ਼ਾਮਲ ਹੈ ਅਤੇ ਇਹ ਸਾਰੀ ਜਾਣਕਾਰੀ ਕੰਪਨੀ ਨੇ ਐਡਵਰਟਾਈਜ਼ਰਸ ਨੂੰ ਵੇਚੀ ਹੈ। ਤੁਹਾਨੂੰ ਦੱਸ ਦੇਈਏ ਕਿ ਆਈਫੋਨ ਦੀ ਡਿਫਾਲਟ ਪ੍ਰਾਈਵੇਸੀ ਸੈਟਿੰਗ ਉਨ੍ਹਾਂ ਸਾਈਟਾਂ ਨੂੰ ਬਲਾਕ ਕਰ ਦਿੰਦੀ ਹੈ ਜੋ ਕੂਕੀਜ਼ ਰਾਹੀਂ ਯੂਜ਼ਰਸ ਦੀ ਐਕਟੀਵਿਟੀ ਨੂੰ ਟ੍ਰੈਕ ਕਰਦੀ ਹੈ। ਜਦੋਂ ਤੱਕ ਯੂਜ਼ਰਸ ਵੈੱਬਸਾਈਟ ਨੂੰ ਓਪਨ ਨਹੀਂ ਕਰੇਗਾ, ਉਦੋਂ ਤੱਕ ਫਾਰਮ ਨੂੰ ਫਿਲ ਕਰਨ ਵਰਗੀ ਜਾਣਕਾਰੀ ਉਸ ਤੋਂ ਨਹੀਂ ਲਈ ਜਾ ਸਕਦੀ ਪਰ ਗੂਗਲ ਨੇ ਗੂਗਲ+ ਰਾਹੀਂ ਇਸ ਸੈਟਿੰਗ ਨੂੰ ਬਾਈਪਾਸ ਕਰ ਦਿੱਤਾ ਹੈ। ਗੂਗਲ+ 'ਤੇ ਲਾਗ ਇਨ ਕਰਨ 'ਤੇ ਯੂਜ਼ਰਸ ਵਲੋਂ ਐਪਲ ਨੂੰ ਇਕ ਇਨਵਿਜ਼ੀਬਲ ਫਾਰਮ ਸੈਂਡ ਹੁੰਦਾ ਹੈ, ਜਿਸ ਨਾਲ ਕੂਕੀਜ਼ ਨੂੰ ਟ੍ਰੈਕ ਕੀਤਾ ਗਿਆ ਹੈ।

ਗੂਗਲ ਨੇ ਦਿੱਤੀ ਪ੍ਰਤੀਕਿਰਿਆ 
ਇਸ ਮੁਕੱਦਮੇ ਬਾਰੇ ਗੂਗਲ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਸੀਂ ਇਸ ਤਰ੍ਹਾਂ ਦਾ ਕੇਸ ਲੜ ਰਹੇ ਹਾਂ। ਅਸੀਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮੁਕੱਦਮਿਆਂ ਤੋਂ ਬਚਾਅ ਕੀਤਾ ਹੈ ਅਤੇ ਅਸੀਂ ਇਸ ਮਾਮਲੇ 'ਚ ਵੀ ਲੜਾਂਗੇ।


Related News