ਫੇਸਬੁੱਕ ਮੈਸੇਂਜਰ ’ਚ ਜਲਦ ਜੁੜੇਗਾ WhatsApp ਵਾਲਾ ਇਹ ਫੀਚਰ, ਜਾਣੋ ਕੀ ਹੋਵੇਗਾ ਖ਼ਾਸ
Friday, Sep 04, 2020 - 06:04 PM (IST)

ਗੈਜੇਟ ਡੈਸਕ– ਫੇਸਬੁੱਕ ਆਪਣੇ ਮੈਸੇਂਜਰ ’ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਫੇਸਬੁੱਕ ਮੈਸੇਂਜਰ ’ਚ ਜਲਦ ਹੀ ਵਟਸਐਪ ਦਾ ਫਾਰਵਰਡਿੰਗ ਲਿਮਿਟ ਨਿਯਮ ਲਾਗੂ ਹੋਣ ਵਾਲਾ ਹੈ ਜਿਸ ਤੋਂ ਬਾਅਦ ਫੇਸਬੁੱਕ ਮੈਸੇਂਜਰ ’ਤੇ ਵੀ ਕਿਸੇ ਮੈਸੇਜ ਨੂੰ 5 ਤੋਂ ਜ਼ਿਆਦਾ ਲੋਕਾਂ ਜਾਂ 5 ਗਰੁੱਪਾਂ ’ਚ ਇਕ ਵਾਰ ’ਚ ਫਾਰਵਰਡ ਨਹੀਂ ਕੀਤਾ ਜਾ ਸਕੇਗਾ। ਫੇਸਬੁੱਕ ਨੇ ਇਹ ਫੈਸਲਾ ਫਰਜ਼ੀ ਖ਼ਬਰਾਂ ਅਤੇ ਸਪੈਮਿੰਗ ’ਤੇ ਰੋਕ ਲਗਾਉਣ ਲਈ ਲਿਆ ਹੈ।
ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੇ ਸਾਲ 2018 ’ਚ ਫੇਕ ਨਿਊਜ਼ ਨੂੰ ਰੋਕਣ ਲਈ ਵਟਸਐਪ ਦੀ ਫਾਰਵਰਡਿੰਗ ਨੂੰ 5 ਤਕ ਸੀਮਿਤ ਕਰ ਦਿੱਤਾ ਸੀ ਅਤੇ ਹੁਣ ਇਹੀ ਫੀਚਰ ਫੇਸਬੁੱਕ ਮੈਸੇਂਜਰ ’ਤੇ ਵੀ ਆਉਣ ਵਾਲਾ ਹੈ। ਇਸ ਤੋਂ ਇਲਾਵਾ ਮੈਸੇਂਜਰ ’ਚ ਹਾਲ ਹੀ ’ਚ ਲਾਕ ਇਨ ਐਪ ਵਰਗੇ ਪ੍ਰਾਈਵੇਸੀ ਫੀਚਰ ਵੀ ਆਏ ਹਨ।
ਫੇਸਬੁੱਕ ਮੈਸੇਂਜਰ ’ਚ ਮੈਸੇਜ ਫਾਰਵਰਡਿੰਗ ਲਿਮਟ ਦਾ ਫੀਚਰ ਫਿਲਹਾਲ ਬੀਟਾ ਟੈਸਟਿੰਗ ’ਚ ਹੈ ਅਤੇ ਟੈਸਟ ਸਫਲ ਹੋਣ ਤੋਂ ਬਾਅਦ ਇਸ ਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। ਨਵੀਂ ਅਪਡੇਟ ’ਚ ਇਕ ਹੀ ਮੈਸੇਜ ਨੂੰ 5 ਤੋਂ ਜ਼ਿਆਦਾ ਲੋਕਾਂ ਨੂੰ ਫਾਰਵਰਡ ਕਰਨ ’ਤੇ ‘forwarding limit reached’ ਦਾ ਨੋਟੀਫਿਕੇਸ਼ਨ ਮਿਲੇਗਾ। ਮੈਸੇਂਜਰ ’ਚ ਨਵੇਂ ਫੀਚਰ ਨੂੰ ਲੈ ਕੇ ਫੇਸਬੁੱਕ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਫੇਕ ਨਿਊਜ਼ ਦੇ ਪ੍ਰਸਾਰ ਨੂੰ ਰੋਕਣ ’ਚ ਫਾਰਵਰਡਿੰਗ ਨੂੰ ਸੀਮਿਤ ਕਰਨਾ ਕਾਫੀ ਕਾਰਗਰ ਹੈ। ਵਟਸਐਪ ਦੇ ਮਾਮਲੇ ’ਚ ਸਾਨੂੰ ਕਾਫੀ ਫਾਇਦਾ ਮਿਲਿਆ ਹੈ, ਜਿਸ ਤੋਂ ਬਾਅਦ ਅਸੀਂ ਇਸ ਨੂੰ ਮੈਸੇਂਜਰ ਲਈ ਵੀ ਜਾਰੀ ਕਰਨ ਦਾ ਫੈਸਲਾ ਲਿਆ ਹੈ।
ਫੇਸਬੁੱਕ ਮੈਸੇਂਜਰ ਦੇ ਇਸ ਫੀਚਰ ਨੂੰ ਪਹਿਲੀ ਵਾਰ ਇਸੇ ਸਾਲ ਮਾਰਚ ’ਚ ਟੈਸਟਿੰਗ ਦੌਰਾਨ ਵੇਖਿਆ ਗਿਆ ਸੀ ਅਤੇ ਹੁਣ ਕੰਪਨੀ ਇਸ ਨੂੰ ਕੁਝ ਚੁਣੇ ਹੋਏ ਯੂਜ਼ਰਸ ਲਈ ਜਾਰੀ ਕਰ ਰਹੀ ਹੈ। ਫੇਸਬੁੱਕ ਮੈਸੇਂਜਰ ’ਚ ਮੈਸੇਜ ਫਾਰਵਰਡਿੰਗ ਲਿਮਟ ਦਾ ਫੀਚਰ 24 ਸਤੰਬਰ ਤੋਂ ਗਲੋਬਲੀ ਜਾਰੀ ਹੋਣ ਲੱਗੇਗਾ।