ਫੇਸਬੁੱਕ ਦੀ COO ਨੇ ਦਾਨ ਕੀਤੇ 3.1 ਕਰੋੜ ਡਾਲਰ ਮੁੱਲ ਦੇ ਸ਼ੇਅਰ
Saturday, Jan 16, 2016 - 11:50 AM (IST)

ਜਲੰਧਰ- ਫੇਸਬੁੱਕ ਦੇ ਮੁੱਖ ਸੰਚਾਲਨ ਅਧਿਕਾਰੀ (COO) ਸ਼ੇਰਿਲ ਸੈਂਡਬਰਗ ਨੇ ਫੇਸਬੁੱਕ ''ਚ ਆਪਣੇ 3.1 ਕਰੋੜ ਡਾਲਰ ਮੁੱਲ ਦੇ ਸ਼ੇਅਰ ਦਾਨ ''ਚ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਦੇ ਪ੍ਰਮੁੱਖ ਮਾਰਕ ਜੁਕਰਬਰਗ ਨੇ ਆਪਣੇ 99 ਫ਼ੀਸਦੀ ਸ਼ੇਅਰ ਦਾਨ ''ਚ ਦੇਣ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਜ਼ਮਾਨਤ ਅਤੇ ਵਟਾਂਦਰਾ ਕਮਿਸ਼ਨ ਦੇ ਦਸਤਾਵੇਜ਼ ਦੇ ਮੁਤਾਬਕ 46 ਸਾਲ ਦੇ ਸੈਂਡਬਰਗ ਨੇ ਫੇਸਬੁੱਕ ਦੇ 2,90,000 ਸ਼ੇਅਰ ਵੱਖ-ਵੱਖ ਸੰਸਥਾਵਾਂ ਨੂੰ ਦਾਨ ''ਚ ਦੇਣ ਦਾ ਐਲਾਨ ਕੀਤਾ ਜਿਨ੍ਹਾਂ ਦਾ ਬਾਜ਼ਾਰ ਮੁੱਲ 3.1 ਕਰੋੜ ਡਾਲਰ ਹੈ।
ਸਿਲੀਕਾਨਵੈਲੀ ਡਾਟ ਕਾਮ ਨੇ ਅੱਜ ਕਿਹਾ ਕਿ ਇਹ ਸ਼ੇਅਰ ਹੁਣ ਸ਼ੇਰਿਲ ਸੈਂਡਬਰਗ ਫਿਲੇਨਥਰਾਪੀ ਫੰਡ ''ਚ ਹੋਣਗੇ। ਜ਼ਿਆਦਾਤਰ ਰਾਸ਼ੀ ਉਨ੍ਹਾਂ ਮੁੱਦਿਆਂ ਦੇ ਸਮਰਥਨ ''ਚ ਜਾਵੇਗੀ ਜਿਨ੍ਹਾਂ ਨਾਲ ਉਹ ਪਹਿਲਾਂ ਤੋਂ ਜੁੜੀ ਰਹੀ ਹੈ। ਉਨ੍ਹਾਂ ਲੀਨਇਨ ਵਰਗੇ ਮਹਿਲਾ ਸਸ਼ਕਤੀਕਰਨ ਸਮੂਹਾਂ ਨੂੰ ਦਾਨ ਕੀਤਾ ਹੈ ਤਾਂ ਕਿ ਕੰਮ ਕਰਨ ਦੀ ਥਾਂ ''ਤੇ ਔਰਤਾਂ ਦੀ ਮਦਦ ਕੀਤੀ ਜਾ ਸਕੇ । ਸੈਂਡਬਰਗ ਨੇ ਗਰੀਬੀ ਖਾਤਮੇ ਦੀਆਂ ਕੋਸ਼ਿਸ਼ਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਵੀ ਮਦਦ ਕਰਨ ਦੀ ਯੋਜਨਾ ਬਣਾਈ ਹੈ।