ਹੁਣ 15 ਵਾਰ ਡਿੱਗਣ 'ਤੇ ਵੀ ਨਹੀਂ ਟੁੱਟੇਗੀ ਸਮਾਰਟਫੋਨ ਦੀ ਸਕਰੀਨ, ਲਾਂਚ ਹੋਇਆ Gorilla Glass 6

07/19/2018 8:03:16 PM

ਜਲਦੀ ਹੀ ਫੋਨ 'ਚ ਮਿਲੇਗੀ Corning Gorilla Glass 6 ਦੀ ਪ੍ਰੋਟੈਕਸ਼ਨ
ਜਲੰਧਰ : ਸਮਾਰਟਫੋਨ ਦੇ ਹੱਥੋਂ ਡਿੱਗਣ 'ਤੇ ਸਭ ਤੋਂ ਜ਼ਿਆਦਾ ਡਰ ਫੋਨ ਦੀ ਸਕਰੀਨ ਟੁੱਟਣ ਦਾ ਰਹਿੰਦਾ ਹੈ। ਇਸੇ ਲਈ ਐਪਲ, ਸੈਮਸੰਗ, LG ਤੇ ਹੋਰ ਕੰਪਨੀਆਂ ਆਪਣੇ ਸਮਾਰਟਫੋਨਜ਼ 'ਚ ਕੋਰਨਿੰਗ ਗੁਰੀਲਾ ਗਲਾਸ ਦੀ ਪ੍ਰੋਟੈਕਸ਼ਨ ਦਿੰਦੀਆਂ ਹਨ। ਲਗਭਗ 2 ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਤਕਨੀਕ ਨੂੰ ਹੁਣ ਹੋਰ ਬਿਹਤਰ ਬਣਾ ਲਿਆ ਗਿਆ ਹੈ। ਅਮਰੀਕੀ ਟੈਕਨਾਲੋਜੀ ਕੰਪਨੀ ਕੋਰਨਿੰਗ ਨੇ ਲੇਟੈਸਟ ਤਕਨੀਕ ਨਾਲ ਤਿਆਰ ਕੀਤੇ ਗਏ ਗੁਰੀਲਾ ਗਲਾਸ 6 ਨੂੰ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਗਲਾਸ ਹੁਣ ਤਕ ਦੀ ਸਭ ਤੋਂ ਬਿਹਤਰ ਸਕਰੀਨ ਪ੍ਰੋਟੈਕਸ਼ਨ ਦੇਵੇਗਾ, ਜਿਸ ਨਾਲ ਤੁਸੀਂ ਬਿਨਾਂ ਸਕਰੀਨ ਟੁੱਟਣ ਦੀ ਚਿੰਤਾ ਕੀਤਿਆਂ ਸਮਾਰਟਫੋਨ ਦੀ ਵਰਤੋਂ ਕਰ ਸਕੋਗੇ।

ਇਕ ਮੀਟਰ ਤੋਂ ਡਿੱਗਣ 'ਤੇ ਵੀ ਨਹੀਂ ਟੁੱਟੇਗੀ ਸਕਰੀਨ
ਕੋਰਨਿੰਗ ਗੁਰੀਲਾ ਗਲਾਸ 6 ਬਾਰੇ ਦੱਸਿਆ ਗਿਆ ਹੈ ਕਿ ਇਹ ਇਕ ਮੀਟਰ (ਲਗਭਗ 39 ਇੰਚ) ਤੋਂ 15 ਵਾਰ ਸਮਾਰਟਫੋਨ ਦੇ ਡਿੱਗਣ 'ਤੇ ਵੀ ਸਕਰੀਨ ਨੂੰ ਟੁੱਟਣ ਤੋਂ ਬਚਾਏਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ ਔਸਤ ਦੇ ਤੌਰ 'ਤੇ ਦੱਸ ਰਹੇ ਹਾਂ। ਆਸ ਹੈ ਕਿ ਇਸ ਤੋਂ ਜ਼ਿਆਦਾ ਵਾਰ ਡਿੱਗਣ 'ਤੇ ਵੀ ਸਕਰੀਨ ਟੁੱਟਣ ਤੋਂ ਬਚ ਜਾਵੇਗੀ।


 

PunjabKesari

ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਨ੍ਹਾਂ ਸਮਾਰਟਫੋਨਜ਼ ਵਿਚ ਇਹ ਗਲਾਸ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਲਾਂਚ ਕੀਤੇ ਜਾਣ ਵਾਲੇ ਟਾਪ ਮਾਡਲਜ਼ ਵਿਚ ਕੋਰਨਿੰਗ ਗੁਰੀਲਾ ਗਲਾਸ 6 ਦੀ ਪ੍ਰੋਟੈਕਸ਼ਨ ਯੂਜ਼ਰਸ ਨੂੰ ਮਿਲੇਗੀ।

2 ਗੁਣਾ ਜ਼ਿਆਦਾ ਟਿਕਾਊ ਹੈ ਗੁਰੀਲਾ ਗਲਾਸ 6
ਮੌਜੂਦਾ ਤਕਨੀਕ ਗੁਰੀਲਾ ਗਲਾਸ 5 ਨਾਲੋਂ 2 ਗੁਣਾ ਜ਼ਿਆਦਾ ਟਿਕਾਊ ਗੁਰੀਲਾ ਗਲਾਸ 6 ਨੂੰ ਦੱਸਿਆ ਗਿਆ ਹੈ। ਕੰਪਨੀ ਵਲੋਂ ਇਕ ਸਾਲ ਦੇ ਸਮੇਂ ਵਿਚ ਕੀਤੇ ਗਏ ਸਰਵੇਖਣ ਤੋਂ ਬਾਅਦ ਦੱਸਿਆ ਗਿਆ ਹੈ ਕਿ ਆਮ ਤੌਰ 'ਤੇ ਇਕ ਵਿਅਕਤੀ ਦਾ ਫੋਨ ਸਾਲ ਵਿਚ ਵੱਧ ਤੋਂ ਵੱਧ 7 ਵਾਰ ਡਿੱਗ ਸਕਦਾ ਹੈ ਅਤੇ ਇਸ ਦੌਰਾਨ ਇਸ ਦੀ ਉਚਾਈ ਇਕ ਮੀਟਰ ਦੀ ਹੀ ਹੁੰਦੀ ਹੈ। ਅਜਿਹੀ ਸਥਿਤੀ 'ਚ ਗੁਰੀਲਾ ਗਲਾਸ 6 ਨੂੰ ਸਕਰੀਨ ਟੁੱਟਣ ਤੋਂ ਬਚਾਉਣ ਲਈ ਵਧੀਆ ਤਕਨੀਕ ਕਿਹਾ ਜਾ ਸਕਦਾ ਹੈ।

PunjabKesari

ਕੀ ਹੈ Gorilla Glass ?
ਸਮਾਰਟਫੋਨ ਦੇ ਡਿੱਗਣ 'ਤੇ ਸਕਰੀਨ ਨੂੰ ਟੁੱਟਣ ਤੋਂ ਬਚਾਉਣ ਲਈ ਦਿੱਤੇ ਗਏ ਗਲਾਸ ਨੂੰ ਗੁਰੀਲਾ ਗਲਾਸ ਕਿਹਾ ਜਾਂਦਾ ਹੈ। ਆਮ ਭਾਸ਼ਾ ਵਿਚ ਤੁਸੀਂ ਇਸ ਨੂੰ ਡਿਸਪਲੇਅ ਉੱਪਰ ਲੱਗਾ ਸ਼ੀਸ਼ਾ ਵੀ ਕਹਿ ਸਕਦੇ ਹਾਂ। ਕੋਰਨਿੰਗ ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਟੈਕਨਾਲੋਜੀ ਤੇ ਪ੍ਰੋਡਕਟ ਡਿਵੈਲਪਮੈਂਟ ਡਾ. ਜਯਮੀਨ ਅਮੀਨ ਨੇ ਕਿਹਾ ਹੈ ਕਿ ਗੁਰੀਲਾ ਗਲਾਸ 6 ਸਭ ਤੋਂ ਨਵਾਂ ਗਲਾਸ ਹੈ।
ਇਸ ਨੂੰ ਸਾਡੀ ਕੋਰਨਿੰਗ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਮਜ਼ਬੂਤ ਗਲਾਸ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸਾਨੂੰ ਯਕੀਨ ਹੈ ਕਿ ਇਸ ਦੀ ਮਦਦ ਨਾਲ ਕਈ ਵਾਰ ਸਮਾਰਟਫੋਨ ਦੇ ਡਿੱਗਣ 'ਤੇ ਵੀ ਸਕਰੀਨ ਨੂੰ ਟੁੱਟਣੋਂ ਬਚਾਇਆ ਜਾ ਸਕੇਗਾ।


Related News