ਘਰ ਖੜ੍ਹੀ ਗੱਡੀ ਦਾ ਹੀ ਕੱਟ ਗਿਆ 65 ਰੁਪਏ ਦਾ ਟੋਲ, ਜਾਣੋ ਪੂਰ ਮਾਮਲਾ
Monday, Jan 06, 2020 - 11:54 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਫਾਸਟੈਗ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ। ਹਰਿਆਣਾ ਸਰਕਾਰ ਦੇ ਅਧਿਕਾਰੀ ਸਤਬੀਰ ਜੰਗਰਾ ਦੇ ਫਾਸਟੈਗ ਅਕਾਊਂਟ ’ਚੋਂ 65 ਰੁਪਏ ਉਸ ਸਮੇਂ ਕੱਟ ਗਏ ਜਦੋਂ ਉਨ੍ਹਾਂ ਦੀ ਅਲਟੋ ਕੇ10 ਕਾਰ ਘਰ ਦੀ ਪਾਰਕਿੰਗ ’ਚ ਖੜ੍ਹੀ ਸੀ।
ਉਪਭਗਤਾ ਸਹਾਇਤਾ ਕੇਂਦਰ ਤੋਂ ਵੀ ਨਹੀਂ ਮਿਲਿਆ ਤਸੱਲੀਬਖਸ਼ ਜਵਾਬ
ਸਤਬੀਰ ਮੁਤਾਬਕ, 30 ਦਸੰਬਰ ਨੂੰ ਉਹ ਚੰਡੀਗੜ੍ਹ ਦੇ ਸੈਕਟਰ 39 ਸਥਿਤ ਆਪਣੇ ਘਰ ’ਚ ਹੀ ਮੌਜੂਦ ਸਨ ਕਿ ਉਨ੍ਹਾਂ ਨੂੰ ਫਾਸਟੈਗ ਅਕਾਊਂਟ ’ਚੋਂ 65 ਰੁਪਏ ਕੱਟਣ ਦਾ ਮੈਸੇਜ ਆਇਆ। ਇਹ ਟੋਲ ਟੈਕਸ ਮਾਨੇਸਰ ਦੇ ਟੋਲ ਪਲਾਜ਼ਾ ਦੁਆਰਾ ਲਿਆ ਗਿਆ ਸੀ। ਇਸ ਬਾਰੇ ਜਾਣਕਾਰੀ ਲੈਣ ਲਈ ਸਤਬੀਰ ਨੇ ਉਪਭੋਗਤਾ ਸਹਾਇਤਾ ਕੇਂਦਰ ’ਚ ਸੰਪਰਕ ਕੀਤਾ ਤਾਂ ਉਥੋਂ ਵੀ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਹੁਣ ਉਹ ਉਪਭਗਤਾ ਫੋਰਮ ਦਾ ਦਰਵਾਜ਼ਾ ਖੜਕਾਉਣ ’ਤੇ ਵਿਚਾਰ ਕਰ ਰਹੇ ਹਨ।
ਸਤਬੀਰ ਨੇ ਕਿਹਾ ਸਿਰਫ 65 ਰੁਪਏ ਦੀ ਗੱਲ ਨਹੀਂ ਹੈ
ਆਪਣੀ ਪ੍ਰਤੀਕਿਰਿਆ ’ਚ ਸਤਬੀਰ ਨੇ ਕਿਹਾ ਹੈ ਕਿ ਇਹ ਗੱਲ ਸਿਰਫ 65 ਰੁਪਏ ਦੀ ਨਹੀਂ ਹੈ ਸਗੋਂ ਇਹ ਇਕ ਫਰਾਡ ਹੈ ਜੋ ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਹਾਈ ਕੋਰਟ ਦੇ ਇਕ ਵਕੀਲ ਨਾਲ ਵੀ ਸੰਪਰਕ ਕੀਤਾ ਹੈ।
ਕੀ ਹੈ ਫਾਸਟੈਗ
ਫਾਸਟੈਗ ਇਕ ਡਿਜੀਟਲ ਸਟਿਕਰ ਹੈ ਜਿਸ ਨੂੰ ਗੱਡੀ ਦੇ ਸ਼ੀਸ਼ੇ ’ਤੇ ਲਗਾਇਆ ਜਾਂਦਾ ਹੈ। ਇਹ ਸਟਿਕਰ ਰੇਡੀਓ ਫ੍ਰਿਕਵੈਂਸੀ ਆਈਡੈਂਟੀਫਿਕੇਸ਼ਨ ਟੈਕਨਾਲੋਜੀ ’ਤੇ ਕੰਮ ਕਰਦਾ ਹੈ। ਗੱਡੀ ਜਦੋਂ ਟੋਲ ਪਲਾਜ਼ਾ ਤੋਂ ਲੰਘਦੀ ਹੈ ਤਾਂ ਫਾਸਟੈਗ ਨਾਲ ਜੁੜੇ ਬੈਂਕ ਜਾਂ ਪ੍ਰੀਪੇਡ ਅਕਾਊਂਟ ’ਚੋਂ ਆਪਣੇ ਆਪ ਹੀ ਟੋਲ ਟੈਕਸ ਦਾ ਭੁਗਤਾਨ ਹੋ ਜਾਂਦਾ ਹੈ।