ਡ੍ਰੋਨਾਂ ਤੋਂ ਵੀ ਬਿਹਤਰ ਤੇ ਸਸਤਾ ਹੈ ਇਹ ਕੇਬਲ ਕੈਮਰਾ ਸਿਸਟਮ
Tuesday, Oct 24, 2017 - 10:58 AM (IST)
ਜਲੰਧਰ : ਵੀਡੀਓ ਨੂੰ ਹਰ ਐਂਗਲ ਤੋਂ ਕੈਪਚਰ ਕਰਨ ਲਈ ਅੱਜਕਲ ਫੋਟੋਗ੍ਰਾਫਰ ਜ਼ਿਆਦਾਤਰ ਡ੍ਰੋਨਸ ਦੀ ਹੀ ਵਰਤੋਂ ਕਰਦੇ ਹਨ ਪਰ ਕੁਝ ਥਾਵਾਂ 'ਤੇ ਇਨ੍ਹਾਂ ਦੀ ਵਰਤੋਂ ਕਰਨ 'ਤੇ ਰੋਕ ਹੈ। ਮਤਲਬ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਵਲੋਂ ਇਸਦੀ ਵਰਤੋਂ ਕਰਨ 'ਤੇ ਰੋਕ ਲਾਈ ਗਈ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਕੈਲੇਫੋਰਨੀਆ ਦੀ ਟੈਕਨਾਲੋਜੀ ਕੰਪਨੀ ਵਾਇਰਲ ਨੇ ਨਵਾਂ LITE ਕੇਬਲ ਕੈਮਰਾ ਸਿਸਟਮ ਬਣਾਇਆ ਹੈ, ਜਿਸ ਨੂੰ ਆਸਾਨੀ ਨਾਲ ਉਨ੍ਹਾਂ ਥਾਵਾਂ 'ਤੇ ਵਰਤਿਆ ਜਾ ਸਕਦਾ ਹੈ, ਜਿਥੇ ਡ੍ਰੋਨ ਉਡਾਉਣ ਵਿਚ ਖਤਰਾ ਹੈ। ਇਸ ਕੇਬਲ ਕੈਮਰਾ ਸਿਸਟਮ ਵਿਚ ਸਮਾਰਟਫੋਨ, ਐਕਸ਼ਨ ਕੈਮਰਾ ਤੇ ਮਿਰਰਲੈੱਸ ਕੈਮਰੇ ਨੂੰ ਅਟੈਚ ਕਰ ਕੇ ਵ੍ਹੀਲਸ ਰਾਹੀਂ ਤਾਰ 'ਤੇ ਮੂਵ ਕਰਵਾਉਂਦੇ ਹੋਏ ਤਸਵੀਰਾਂ ਤੇ ਵੀਡੀਓ ਨੂੰ ਕੈਪਚਰ ਕੀਤਾ ਜਾ ਸਕਦਾ ਹੈ। ਇਸ ਨੂੰ ਡ੍ਰੋਨ ਤੋਂ ਵੀ ਸਸਤਾ ਬਦਲ ਕਹੀਏ ਤਾਂ ਗਲਤ ਨਹੀਂ ਹੋਵੇਗਾ। ਇਸਦੀ ਨਿਰਮਾਤਾ ਕੰਪਨੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਨੂੰ 399 ਡਾਲਰ (ਲਗਭਗ 26 ਹਜ਼ਾਰ ਰੁਪਏ) ਕੀਮਤ 'ਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ। ਮਤਲਬ ਇਹ 2 ਲੱਖ ਰੁਪਏ ਵਾਲੇ ਡ੍ਰੋਨ ਤੋਂ ਕਾਫੀ ਸਸਤਾ ਪਵੇਗਾ।
ਕੇਬਲ ਕੈਮਰਾ ਸਿਸਟਮ ਦੀ ਕਾਰਜ ਪ੍ਰਣਾਲੀ
ਇਸ 1.5 ਕਿਲੋਗ੍ਰਾਮ ਭਾਰ ਵਾਲੇ ਕੇਬਲ ਕੈਮਰਾ ਸਿਸਟਮ ਦੀ ਵਰਤੋਂ ਕਰਨ ਲਈ ਤੁਹਾਨੂੰ ਪਹਿਲਾਂ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਕੇਬਲ ਮਤਲਬ ਤਾਰ ਕੱਸ ਕੇ ਲਾਉਣੀ ਹੋਵੇਗੀ। ਇਸ ਤੋਂ ਬਾਅਦ ਕੇਬਲ ਕੈਮ ਯੂਨਿਟ 'ਚ ਫੋਨ ਜਾਂ ਕੈਮਰਾ ਲਾ ਕੇ ਉਸ ਨੂੰ ਵ੍ਹੀਲਸ ਰਾਹੀਂ ਤਾਰ 'ਤੇ ਟੰਗਣਾ ਹੋਵੇਗਾ। ਇਸ ਸਾਰੀ ਪ੍ਰਕਿਰਿਆ ਨੂੰ ਕਰਨ ਵਿਚ ਤੁਹਾਨੂੰ ਕੁਝ ਮਿੰਟ ਹੀ ਲੱਗਣਗੇ। ਇਸ ਕੇਬਲ ਕੈਮ ਨੂੰ ਆਨ ਕਰਨ ਤੋਂ ਬਾਅਦ ਤੁਸੀਂ ਇਸ ਲਈ ਬਣਾਏ ਗਏ ਖਾਸ ਰਿਮੋਟ ਨਾਲ ਇਸ ਨੂੰ ਕੰਟਰੋਲ ਕਰ ਕੇ ਤਾਰ 'ਤੇ ਚਲਾ ਸਕਦੇ ਹੋ ਅਤੇ ਵੀਡੀਓ ਤੇ ਤਸਵੀਰਾਂ ਕਲਿਕ ਕਰ ਸਕਦੇ ਹੋ।
200 ਮੀਟਰ ਦੀ ਰੇਂਜ
ਇਸ ਕੇਬਲ ਕੈਮਰਾ ਸਿਸਟਮ ਨੂੰ ਰਿਮੋਟ ਰਾਹੀਂ 200 ਮੀਟਰ ਤੇ 656 ਫੁੱਟ ਦੀ ਦੂਰੀ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਇਹ 45 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਵੀਡੀਓ ਬਣਾ ਸਕਦਾ ਹੈ ਤੇ 0.01 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਟਾਈਮਲੈਪਸ ਸ਼ਾਟਸ ਨੂੰ ਕਲਿਕ ਕਰ ਸਕਦਾ ਹੈ।
ਕਿਤੇ ਵੀ ਕਰ ਸਕਦੇ ਹੋ ਵਰਤੋਂ
ਇਸ ਨੂੰ ਘਰ ਦੇ ਅੰਦਰ ਦੇ ਭੀੜ ਦੇ ਉੱਪਰ ਸੈਲਫੀ ਲੈਣ 'ਚ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਦਰੱਖਤਾਂ ਵਿਚਾਲੇ ਮੌਜੂਦ ਗੈਪ ਵਿਚਾਲਿਓਂ ਵੀ ਇਸਦੀ ਆਸਾਨੀ ਨਾਲ ਵਰਤੋਂ ਕਰ ਸਕਦੇ ਹੋ। ਇਸਦੀ ਨਿਰਮਾਤਾ ਕੰਪਨੀ ਨੇ ਦੱਸਿਆ ਕਿ ਇਸ ਵਿਚ ਖਾਸ ਬੈਟਰੀ ਲਾਈ ਗਈ ਹੈ, ਜਿਸ ਨੂੰ ਇਕ ਵਾਰ ਚਾਰਜ ਕਰ ਕੇ 3 ਘੰਟੇ ਤੱਕ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਆਸ ਹੈ ਕਿ ਇਹ ਕੇਬਲ ਕੈਮਰਾ ਸਿਸਟਮ ਫੋਟੋਗ੍ਰਾਫਰਾਂ ਲਈ ਕਾਫੀ ਕੰਮ ਦਾ ਸਾਬਤ ਹੋਵੇਗਾ।
