ਫਰਾਂਸ ’ਚ ਐਪਲ ਦੇ ਸਾਰੇ ਸਟੋਰ ਬੰਦ, ਜਾਣੋ ਕਾਰਨ
Sunday, Apr 04, 2021 - 05:40 PM (IST)
ਗੈਜੇਟ ਡੈਸਕ– ਫਰਾਂਸ ਤੀਜੀ ਵਾਰ ਕੋਵਿਡ-19 ਦੇ ਚਲਦੇ ਤਾਲਾਬੰਦੀ ਦੇ ਦੌਰ ’ਚ ਲੰਘ ਰਿਹਾ ਹੈ ਜਿਸ ਕਾਰਨ ਐਪਲ ਨੇ ਫਰਾਂਸ ਦੇ ਆਪਣੇ ਸਾਰੇ ਸਟੋਰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਬਾਕੀ ਦੁਨੀਆ ਭਰ ’ਚ ਐਪਲ ਸਟੋਰ ਚਾਲੂ ਹਨ। AppleInsider ਦੀ ਰਿਪੋਰਟ ਮੁਤਾਬਕ, ਐਪਲ ਕੰਪਨੀ ਵਲੋਂ ਫਰਾਂਸ ਦੇ ਸਾਰੇ 20 ਸਟੋਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਐਪਲ ਓਪੇਰਾ ਦੀ ਪੈਰਿਸ ਸਾਈਟ ਮੁਤਾਬਕ, ਅਸੀਂ ਐਪਲ ਸਟੋਰ ਨੂੰ ਅਸਥਾਈ ਤੌਰ ’ਤੇ ਬੰਦ ਕਰ ਰਹੇ ਹਾਂ। ਇਸ ਦੌਰਾਨ ਪਿਛਲੇ ਸਾਲ ਭਾਰਤ ’ਚ ਆਨਲਾਈਨ ਪ੍ਰੋਡਕਟ ਮੰਗਵਾਉਣ ’ਚ ਕਰੀਬ 45 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ ’ਚ ਇਸ ਸਾਲ ਵੀ ਆਨਲਾਈਨ ਸੇਲ ਵਧਣ ਦੀ ਉਮੀਦ ਹੈ।
ਐਪਲ ਸਟੋਰ ਅਤੇ ਸਕੂਲ ਫਰਾਂਸ ’ਚ ਬੰਦ
ਐਪਲ ਕੰਪਨੀ ਨੇ ਕਿਹਾ ਕਿ ਅਗਲੇ ਨੋਟਿਸ ਤਕ ਐਪਲ ਸਟੋਰਾਂ ਨੂੰ ਬੰਦ ਰੱਖਿਆ ਜਾਵੇਗਾ। ਇਸ ਵਾਰ ਦੀ ਤਾਲਾਬੰਦੀ ’ਚ ਫਰਾਂਸ ਦੇ ਸਿਟੀ ਸੈਂਟਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨੂੰ ਜਨਵਰੀ ਦੀ ਤਾਲਾਬੰਦੀ ਦੌਰਾਨ ਚਾਲੂ ਰੱਖਿਆ ਗਿਆ ਸੀ। ਫਰਾਂਸ ’ਚ ਸਕੂਲ ਨੂੰ ਪਹਿਲਾਂ ਹੀ ਤਿੰਨ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਵਾਰ ਦੀ ਤਾਲਾਬੰਦੀ ਦੌਰਾਨ ਨਾਨ ਐਸੇਂਸ਼ੀਅਲ ਸਟੋਰ ਨੂੰ ਬੰਦ ਰੱਖਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ।
ਕੋਵਿਡ-19 ਦੇ ਨਵੇਂ ਮਾਮਲਿਆਂ ਨੂੰ ਕਾਬੀ ਕਰਨ ਦੀ ਕੋਸ਼ਿਸ਼
ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਵੱਲੋਂ ਅਗਲੇ ਆਦੇਸ਼ ਤਕ ਬੱਚਿਆਂ ਦੇ ਸਕੂਲਾਂ ਨੂੰ ਬੰਦ ਰੱਖਿਆ ਜਾਵੇਗਾ। ਨਾਲ ਹੀ ਘਰੇਲੂ ਉਡਾਣਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਟੀ.ਵੀ. ਭਾਸ਼ਣ ’ਚ ਇਮੈਨੁਏਲ ਮੈਕ੍ਰੋਂ ਨੇ ਕਿਹਾ ਕਿ ਅਸੀਂ ਕੋਵਿਡ-19 ਨੂੰ ਕੰਟਰੋਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਅਜਿਹੇ ’ਚ ਉਮੀਦ ਹੈ ਕਿ ਜਲਦ ਕੋਵਿਡ-19 ਦੇ ਨਵੇਂ ਮਾਮਲਿਆਂ ਨੂੰ ਕਾਬੂ ਕੀਤਾ ਜਾ ਸਕੇਗਾ।