iPhone 6S ਤੇ 6S Plus ’ਚ ਆਈ ਖਰਾਬੀ, ਇੰਝ ਫ੍ਰੀ 'ਚ ਕਰਾ ਸਕਦੇ ਹੋ ਠੀਕ
Saturday, Oct 05, 2019 - 01:41 PM (IST)

ਗੈਜੇਟ ਡੈਸਕ– ਐਪਲ ਦੇ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਦੇ ਕੁਝ ਮਾਡਲਾਂ ’ਚ ਕਿਸੇ ਪਾਰਟ ’ਚ ਖਰਾਬੀ ਆਉਣ ਤੋਂ ਬਾਅਦ ਕੰਪਨੀ ਨੇ ਮੁਫਤ ’ਚ ਠੀਕ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ, ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਦਾ ਕਿਹੜਾ ਪਾਰਟ ਖਰਾਬ ਹੋਇਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਐਪਲ ਦੇ ਸਪੋਰਟ ’ਤੇ ਵੀ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ। ਐਪਲ ਦੇ ਸਪੋਰਟ ਪੇਜ ’ਤੇ ਤੁਸੀਂ ਆਪਣੇ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਦੇ ਸੀਰੀਅਲ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਆਈਫੋਨ ’ਚ ਖਰਾਬੀ ਹੈ ਜਾਂ ਨਹੀਂ। ਐਪਲ ਦੇ ਸਪੋਰਟ ਪੇਜ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਨ੍ਹਾਂ ਦੋਵਾਂ ਮਾਡਲਾਂ ’ਚ ਨੋ ਪਾਵਰ ਦੀ ਸਮੱਸਿਆ ਹੈ ਯਾਨੀ ਇਨ੍ਹਾਂ ਦੋਵੇਂ ਮਾਡਲਾਂ ਨੂੰ ਆਨ ਕਰਨ ’ਚ ਸਮੱਸਿਆ ਆ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਆਈਫੋਨ 6ਐੱਸ ਅਤੇ ਆਈਫੋਨ 6ਐੱਸ ਪਲੱਸ ਦੇ ਜਿਨ੍ਹਾਂ ਮਾਡਲਾਂ ’ਚ ਖਰਾਬੀ ਦੀ ਸ਼ਿਕਾਇਤ ਹੈ ਉਨ੍ਹਾਂ ਦਾ ਪ੍ਰੋਡਕਸ਼ਨ ਅਕਤੂਬਰ 2018 ਤੋਂ ਅਗਸਤ 2019 ਦੇ ਵਿਚਕਾਰ ਹੋਇਆ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਫੋਨਜ਼ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਫੋਨ ’ਚ ਕੀ ਖਰਾਬੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਵੀ ਐਪਲ ਦੇ ਕਿਸੇ ਪ੍ਰੋਡਕਟ ’ਚ ਖਰਾਬੀ ਆਉਂਦੀ ਹੈ ਤਾਂ ਕੰਪਨੀ ਜਾਂ ਤਾਂ ਮੁਫਤ ’ਚ ਠੀਕ ਕਰਦੀ ਹੈ ਜਾਂ ਫਿਰ ਘੱਟ ਪੈਸਿਆਂ ’ਚ ਪਾਰਟ ਨੂੰ ਬਦਲਿਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਕੰਪਨੀ ਨੇ ਕਰੀਬ 50 ਫੀਸਦੀ ਘੱਟ ਕੀਮਤ ’ਚ ਬੈਟਰੀ ਨੂੰ ਰਿਪਲੇਸ ਕੀਤਾ ਸੀ।