‘82 ਕਰੋੜ ਲੋਕ ਕਰ ਰਹੇ ਇੰਟਰਨੈੱਟ ਦੀ ਵਰਤੋਂ, 157383 ਪੰਚਾਇਤਾਂ ’ਚ ਪਹੁੰਚਿਆ ਹਾਈ-ਸਪੀਡ ਬ੍ਰਾਡਬੈਂਡ’
Saturday, Aug 07, 2021 - 12:58 PM (IST)
ਗੈਜੇਟ ਡੈਸਕ– ਸਿਸਕੋ ਦੇ ‘ਵਿਜ਼ੁਅਲ ਨੈੱਟਵਰਕਿੰਗ ਇੰਡੈਕਸ (ਵੀ.ਐੱਨ.ਆਈ.) ਨੇ ਸਾਲ 2017 ’ਚ ਆਪਣੀ ਇਕ ਰਿਪੋਰਟ ’ਚ ਕਿਹਾ ਸੀ ਕਿ ਭਾਰਤ ’ਚ 2021 ਤਕ ਐਕਟਿਵ ਇੰਟਰਨੈੱਟ ਯੂਜ਼ਰਸ ਦੀ ਗਿਣਤੀ 82 ਕਰੋੜ ਤਕ ਪਹੁੰਚ ਸਕਦੀ ਹੈ। ਸਿਸਕੋ ਦੀ ਚਾਰ ’ਚੋਂ ਪਹਿਲਾਂ ਆਈ ਇਹ ਰਿਪੋਰਟ ਸੱਚ ਹੋ ਗਈ ਹੈ। ਸਰਕਾਰ ਨੇ ਰਾਜ ਸਭਾ ’ਚ ਦੱਸਿਆ ਕਿ ਦੇਸ਼ ’ਚ ਇਸ ਸਮੇਂ ਘੱਟੋ-ਘੱਟ 820 ਮਿਲੀਅਨ (ਕਰੀਬ 82 ਕਰੋੜ) ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ, ਤ੍ਰਿਣਮੂਲ ਸਾਂਸਦ ਡੇਰੇਕ ਓ ਬ੍ਰਾਇਨ ਨੇ ਰਾਜ ਸਭਾ ’ਚ ਪੁੱਛਿਆ ਸੀ ਕਿ ਕੀ ਸਰਕਾਰ ਨੇ ਇੰਟਰਨੈੱਟ ਦੇ ਨਵੀਨਤਮ ਪੱਧਰ ਜਾਂ ਕਿਸੇ ਅਜਿਹੇ ਪ੍ਰਾਕਸੀ ਦਾ ਅਨੁਮਾਨ ਲਗਾਇਆ ਹੈ। ਸਰਕਾਰ ਵਲੋਂ ਇਹ ਵੀ ਦੱਸਿਆ ਕਿ 1,57,383 ਗ੍ਰਾਮ ਪੰਚਾਇਤਾਂ ’ਚ ਹਾਈ-ਸਪੀਡ ਇੰਟਰਨੈੱਟ ਦੀ ਸੁਵਿਧਾ ਦਿੱਤੀ ਗਈ ਹੈ। ਡੇਰੇਕ ਨੇ ਇਹ ਵੀ ਪੁੱਛਿਆ ਕਿ ਕੀ ਮੌਜੂਦਾ ਸਮੇਂ ’ਚ ਪੇਂਡੂ ਅਤੇ ਸ਼ਹਿਰੀ ਭਾਰਤ ਵਿਚਕਾਰ ਇਕ ਡਿਜੀਟਲ ਵੰਡ ਮੌਜੂਦ ਹੈ ਅਤੇ ਜੇਕਰ ਅਜਿਹਾ ਹੈ ਤਾਂ ਇਸ ਫਰਕ ਨੂੰ ਦੂਰ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
ਇਸ ਸਵਾਲ ਦੇ ਜਵਾਬ ’ਚ ਇਲੈਕਟ੍ਰੋਨਿਕ ਅਤੇ ਆਈ.ਟੀ. ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਤੀ (ਟਰਾਈ) ਮੁਤਾਬਕ, 31 ਮਾਰਚ 2021 ਤਕ ਦੇਸ਼ ’ਚ 82.53 ਕਰੋੜ (825.301 ਮਿਲੀਅਨ) ਇੰਟਰਨੈੱਟ ਗਾਹਕ ਹਨ। ਉਨ੍ਹਾਂ ਅੱਗੇ ਕਿਹਾ ਕਿ ਗ੍ਰਾਮੀਣ ਭਾਰਤ ’ਚ 302 ਮਿਲੀਅਨ ਤੋਂ ਜ਼ਿਆਦਾ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ, ਜਦਕਿ ਸ਼ਹਿਰ ਭਾਰਤ ’ਚ ਇਹ ਗਿਣਤੀ 502 ਮਿਲੀਅਨ ਤੋਂ ਜ਼ਿਆਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗ੍ਰਾਮੀਣ ਭਾਰਤ ’ਚ ਇੰਟਰਨੈੱਟ ਦੀ ਪਹੁੰਚ ਵਧਾਉਣ ਲਈ ਸਰਕਾਰ ਨੇ ਦੇਸ਼ ਦੇ ਸਾਰੀਆਂ ਗ੍ਰਾਮ ਪੰਚਾਇਤਾਂ ਅਤੇ ਪਿੰਡਾਂ ’ਚ ਭਾਰਤਨੈੱਟ ਪ੍ਰਾਜੈਕਟ ਨੂੰ ਲਾਗੂ ਕੀਤਾ ਹੈ। 1 ਜੁਲਾਈ ਤਕ ਕੁਲ 1,57,383 ਗ੍ਰਾਮ ਪੰਚਾਇਤਾਂ ਨੂੰ ਹਾਈ-ਸਪੀਡ ਇੰਟਰਨੈੱਟ/ਬ੍ਰਾਡਬੈਂਡ ਇੰਫ੍ਰਾਸਟ੍ਰੱਕਚਰ ਨਾਲ ਜੋੜਿਆ ਗਿਆ ਹੈ। ਰਾਜੀਵ ਮੁਤਾਬਕ, ਦੇਸ਼ ’ਚ ਹੁਣ ਤਕ 5,25,706 ਕਿਲੋਮੀਟਰ ਆਪਟਿਕਲ ਫਾਈਬਰ ਵਿਛਾਇਆ ਗਿਆ ਹੈ।