ਹੈਕਰਾਂ ਦੇ ਨਿਸ਼ਾਨੇ ’ਤੇ 4ਜੀ ਨੈੱਟਵਰਕ, ਇਨਕਮਿੰਗ ਕਾਲ ਨਾਲ ਹੋ ਸਕਦੈ ਬਲਾਕ

03/25/2019 1:30:20 PM

ਗੈਜੇਟ ਡੈਸਕ– ਟੈਕਨਾਲੋਜੀ ਅਤੇ  ਹਾਈ-ਸਪੀਡ ਇੰਟਰਨੈੱਟ ਨੇ ਦੁਨੀਆ ਭਰ ’ਚ ਕਮਿਊਨੀਕੇਸ਼ਨ ਨੂੰ ਇਕ ਨਵੀਂ ਉਡਾਨ ਦਿੱਤੀ ਹੈ। ਯੂਜ਼ਰਜ਼ ਹੁਣ ਕਾਲਿੰਗ ਦੇ ਨਾਲ 4ਜੀ ਇੰਟਰਨੈੱਟ ਸਪੀਡ ਦੀ ਮਦਦ ਨਾਲ ਦੁਨੀਆ ਦੇ ਕਿਸੇ ਵੀ ਕੋਨੇ ’ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਫੋਟੋ ਅਤੇ ਵੀਡੀਓ ਸ਼ੇਅਰ ਕਰ ਸਕਦੇ ਹਨ। ਹਾਈ-ਸਪੀਡ ਇੰਟਰਨੈੱਟ ਦੇ ਕਈ ਫਾਇਦੇ ਹਨ ਪਰ ਇਸ ਗੱਲ ਨੂੰ ਵੀ ਪੂਰੀ ਤਰ੍ਹਾਂ ਨਹੀਂ ਨਕਾਰਿਆ ਜਾ ਸਕਦਾ ਕਿ ਇਸ ਕਾਰਨ ਯੂਜ਼ਰਜ਼ ਦਾ ਨਿੱਜੀ ਡਾਟਾ ਅਤੇ ਪ੍ਰਾਈਵੇਸੀ ’ਤੇ ਵੀ ਖਤਰਾ ਵਧਿਆ ਹੈ। ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਯੂਜ਼ਰਜ਼ LTE ਰਾਹੀਂ ਹਾਈ-ਸਪੀਡ 4ਜੀ ਇੰਟਰਨੈੱਟ ਨੂੰ ਐਕਸੈਸ ਕਰ ਪਾ ਰਹੇ ਹਨ। 

ਹਾਲ ਹੀ ’ਚ ਕੀਤੀ ਗਈ ਇਕ ਰਿਸਰਚ ’ਚ ਖੋਜਕਾਰਾਂ ਨੇ 4ਜੀ ਨੈੱਟਵਰਕ ਦੀਆਂ ਦਰਜਨਾਂ ਕਮੀਆਂ ਦਾ ਪਤਾ ਲਗਾਇਆ ਹੈ। ਨੈੱਟਵਰਕ ’ਚ ਮੌਜੂਦ ਇਨ੍ਹਾਂ ਖਾਮੀਆਂ ਦੀ ਮਦਦ ਨਾਲ ਹੈਕਰਜ਼ ਯੂਜ਼ਰਜ਼ ਦੇ ਮੋਬਾਇਲ ਨੈੱਟਵਰਕ ਦੇ ਨਾਲ ਹੀ ਉਨ੍ਹਾਂ ਦੇ ਡਾਟਾ ਨੂੰ ਆਸਾਨੀ ਨਾਲ ਹੈਕ ਕਰ ਸਕਦੇ ਹਨ। 

LTE ’ਤੇ ਹਨ 51 ਖਾਮੀਆਂ
ਕੋਰੀਆ ਅਡਵਾਂਸ ਇੰਸਟੀਚਿਊਟ ਆਫ ਸਾਇੰਸ ਐਂਡ ਟੈਕਨਾਲੋਜੀ ਕੰਟੀਚਿਊਸ਼ਨ ਨੇ LTE ਦੇ ਡਿਜ਼ਾਈਨ ਅਤੇ ਇੰਪਲੀਮੈਂਟੇਸ਼ਨ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਉਨ੍ਹਾਂ ਪਾਇਆ ਕਿ ਇਸ ਨੈੱਟਵਰਕ ’ਤੇ ਯੂਜ਼ਰਜ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕੁਲ 51 ਖਾਮੀਆਂ ਮੌਜੂਦ ਹਨ। ਇਨ੍ਹਾਂ ’ਚੋਂ 36 ਬਿਲਕੁਲ ਨਵੀਆਂ ਹਨ ਅਤੇ ਇਨ੍ਹਾਂ ਕਾਰਨ ਦੁਨੀਆ ਦੇ ਕਰੋੜਾਂ ਯੂਜ਼ਰਜ਼ ਦਾ ਡਾਟਾ ਅਤੇ ਮੋਬਾਇਲ ਨੈੱਟਵਰਕ ਨੂੰ ਬਹੁਤ ਵੱਡਾ ਖਤਰਾ ਹੈ। 

ਇਹ ਹੈ ਖਤਰਾ
LTE ’ਤੇ ਮਿਲੀਆਂ ਇਨ੍ਹਾਂ ਖਾਮੀਆਂ ਨਾਲ ਯੂਜ਼ਰਜ਼ ਦੇ ਡਾਟਾ ਨੂੰ ਸਹੀ ਮਾਇਨੇ ’ਚ ਕਿਸ ਤਰ੍ਹਾਂ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਇਸ ਬਾਰੇ ਖੋਜਕਾਰਾਂ ਨੇ ਜ਼ਿਆਦਾ ਵਿਸਤਾਰ ਨਾਲ ਨਹੀਂ ਦੱਸਿਆ। ਹਾਲਾਂਕਿ ਉਨ੍ਹਾਂ ਮੰਨਿਆ ਹੈ ਕਿ ਇਸ ਨਾਲ ਐਂਡ-ਯੂਜ਼ਰਜ਼ ਨੂੰ ਹੀ ਨੁਕਸਾਨ ਹੋਵੇਗਾ। ਖੋਜਕਾਰਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਖਾਮੀਆਂ ਕਾਰਨ ਹੈਕਰਜ਼ ਫੋਨ ਦੇ ਨੈੱਟਵਰਕ ਨੂੰ ਬੰਦ ਕਰਨ ਦੇ ਨਾਲ ਹੀ ਮੋਬਾਇਲ ਬੇਸ ਸਟੇਸ਼ਨ ਦੇ ਵੀ ਕੰਮ ’ਚ ਰੁਕਾਵਟ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਇਨਕਮਿੰਗ ਕਾਲਸ ਅਤੇ ਮੈਸੇਜ ਨੂੰ ਵੀ ਹੈਕਰਜ਼ ਆਸਾਨੀ ਨਾਲ ਬਲਾਕ ਕਰ ਸਕਦੇ ਹਨ। 


Related News