ਸੜਕ ਹਾਦਸੇ ’ਚ ਜ਼ਖਮੀ ਹੋਏ ਪੰਜਾਬ ਪੁਲਸ ਦੇ ਜਵਾਨ ਦੀ ਮੌਤ
Friday, May 23, 2025 - 01:54 PM (IST)

ਗੁਰੂਹਰਸਹਾਏ (ਮਨਜੀਤ) : ਪੁਲਸ ਚੌਕੀ ਲਾਧੂਕਾ ਵਿਖੇ ਬਤੌਰ ਸੀਨੀਅਰ ਕਾਂਸਟੇਬਲ ਦੀਆਂ ਸੇਵਾਵਾ ਨਿਭਾਅ ਰਹੇ ਵਿਸ਼ਵਦੀਪ 12 ਮਈ ਨੂੰ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦੀ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਵਿਖੇ ਜ਼ਖਮਾਂ ਦੀ ਤਾਬ ਨਾ ਸਹਿਣ ਕਰਦੇ ਹੋਏ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਨੀਅਰ ਕਾਂਸਟੇਬਲ ਵਿਸ਼ਵਦੀਪ 12 ਮਈ ਪੁਲਸ ਵਿਭਾਗ ਦੇ ਪਟਿਆਲਾ ਵਿਖੇ ਸਰਕਾਰੀ ਕੰਮਕਾਰ ਕਰ ਕੇ ਆਪਣੀ ਗੱਡੀ ’ਚ ਆਪਣੇ ਘਰ ਨੂੰ ਵਾਪਸ ਆ ਰਹੇ ਸਨ।
ਇਸ ਦੌਰਾਨ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਥਾਣਾ ਕਿੱਲੀ ਨਿਹਾਲ ਸਿੰਘ ਵਾਲਾ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਦੇ ਅੱਗੇ ਅਚਾਨਕ ਬੇਸਹਾਰਾ ਪਸ਼ੂ ਦੇ ਆ ਜਾਣ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਦਰੱਖਤ ਨਾਲ ਜਾ ਟਕਰਾਈ ਅਤੇ ਗੱਡੀ ਸਵਾਰ ਵਿਸ਼ਵਦੀਪ ਗੰਭੀਰ ਰੂਪ ’ਚ ਜ਼ਖਮੀ ਹੋਣ ਕਾਰਨ ਘਟਨਾ ਸਥਾਨ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਕਿ ਡਾਕਟਰਾਂ ਵੱਲੋਂ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਰੈਫਰ ਕਰ ਦਿੱਤਾ ਗਿਆ।
9 ਦਿਨ ਚੱਲੇ ਇਲਾਜ ਤੋਂ ਬਾਅਦ ਵਿਸ਼ਵਦੀਪ ਦਮ ਤੋੜ ਗਿਆ। ਇਸ ਘਟਨਾ ਦੀ ਮੰਦਭਾਗੀ ਖਬਰ ਪਿੰਡ ਤੇ ਇਲਾਕੇ ’ਚ ਫੈਲਣ ਨਾਲ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਪੁਲਸ ਮੁਲਾਜ਼ਮ ਵਿਸ਼ਵਦੀਪ ਆਪਣੀ ਪਤਨੀ ਸਣੇ 2 ਮਾਸੂਮ ਬੱਚਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ। ਜਿਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਬਲਾਕ ਗੁਰੂਹਰਸਹਾਏ ਦੇ ਪਿੰਡ ਬਿੱਲੀਮਾਰ ਦੇ ਸ਼ਮਸ਼ਾਨਘਾਟ ਵਿਖੇ ਪੁਲਸ ਮੁਲਾਜ਼ਮਾਂ ਦੇ ਵੱਲੋਂ ਸਰਕਾਰੀ ਸਨਮਾਨਾਂ ਨਾਲ ਸਲਾਮੀ ਦਿੱਤੀ ਗਈ।