ਚੱਕ ਜਾਨੀਸਰ ''ਚ ਜਾਤੀਵਾਦਕ ਵੱਖਵਾਦ ਫੈਲਾਉਣ ਦੀ ਸਾਜਿਸ਼ ਹੋਈ ਬੇਨਕਾਬ: ਕਾਕਾ ਕੰਬੋਜ

10/24/2020 6:05:19 PM

ਜਲਾਲਾਬਾਦ (ਸੇਤੀਆ,ਸੁਮਿਤ): ਬੀਤੇ ਦਿਨੀਂ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ 'ਚ ਦਲਿਤ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ਨੂੰ ਜਾਤੀਵਾਦ ਵੱਖਵਾਦ ਫੈਲਾਉਣ ਦੀ ਸਾਜਿਸ਼ ਬੇਨਕਾਬ ਹੋਈ ਹੈ ਕਿਉਂਕਿ ਇਸ ਮਾਮਲੇ 'ਚ ਜਿੱਥੇ ਸਿਟ ਦੀ ਮੁੱਢਲੀ ਰਿਪੋਰਟ ਪੇਸ਼ ਕੀਤੀ ਹੈ ਅਤੇ ਉਸ 'ਚ ਜਾਤੀਵਾਦਕ ਕੁੱਟਮਾਰ ਦੇ ਮਾਮਲੇ ਨੂੰ ਸਿਰੇ ਤੋਂ ਨਕਾਰਿਆ ਹੈ ਉੱਥੇ ਹੀ ਕੇਂਦਰੀ ਵਾਲਮੀਕ ਸਭਾ ਦੇ ਸੂਬਾ ਚੇਅਰਮੈਨ ਲੱਖਾ ਸਿੰਘ ਵਲਟੋਹਾ ਦੇ ਬਿਆਨਾਂ ਤੇ ਪੁਲਸ ਨੇ ਪਿੰਡ ਦੇ ਸਰਪੰਚ ਤੇ ਹੀ ਐਸਟੀ ਐਕਟ ਤਹਿਤ ਮਕੱਦਮਾ ਦਰਜ ਕੀਤਾ ਹੈ। ਇਹ ਵਿਚਾਰ ਸੁਖਵਿੰਦਰ ਸਿੰਘ ਕਾਕਾ ਕੰਬੋਜ ਤੇ ਇਕਬਾਲ ਬਰਾੜ੍ਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਕਿਹਾ ਕਿ ਦਲਿਤ ਨੌਜਵਾਨ ਨਾਲ ਹੋਈ ਕੁੱਟਮਾਰ ਮੰਦਭਾਗੀ ਘਟਨਾ ਹੈ ਪਰ ਇਸ ਮਾਮਲੇ ਨੂੰ ਜਿਸ ਤਰ੍ਹਾਂ ਜਾਤੀਵਾਦਕ ਹਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਉਸ 'ਚ ਉਥੋਂ ਦੇ ਕੁੱਝ ਵਿਰੋਧੀ ਪਾਰਟੀ ਦੇ ਸਿਆਸੀ ਲੋਕਾਂ ਦੀ ਸਿਆਸਤ ਵੀ ਸਾਹਮਣੇ ਆਈ ਹੈ ਪਰ ਹੁਣ ਉਹੀ ਲੋਕ ਇਸ ਮਾਮਲੇ ਖੁੱਦ ਫਸੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਇਹ ਲੋਕ ਹਲਕੇ ਅੰਦਰ  ਜਾਤੀਵਾਦ ਦੇ ਨਾਅ ਤੇ ਵੱਖਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਦੀ ਅਗਵਾਈ ਹੇਠ ਬਣਾਈ ਗਈ ਸਿਟ ਵਲੋਂ ਜੋ ਮੁੱਢਲੇ ਤੱਥ ਸਾਮ੍ਹਣੇ ਆਏ ਹਨ ਉਸ 'ਚ ਪਿਸ਼ਾਬ ਪਿਲਾਉਣ ਤੇ ਜਾਤੀਵਾਦਕ ਹਿੰਸਕ ਕੁੱਟਮਾਰ ਦੀ ਗੱਲ ਝੂਠੀ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਵਿਧਾਇਕ ਰਮਿੰਦਰ ਆਵਲਾ ਨੂੰ ਬੇਵਜ੍ਹਾ ਖਸੀਟਣ ਦਾ ਕੋਸ਼ਿਸ਼ ਕੀਤੀ ਗਈ ਜਦਕਿ ਵਿਧਾਇਕ ਆਵਲਾ ਦੀ ਹਲਕੇ ਅੰਦਰ ਵੱਧਦੀ ਲੋਕ ਪ੍ਰਿਯੰਤਾ ਨੂੰ ਦੇਖ ਅਕਾਲੀ ਦਲ ਬੌਖਲਾਹਟ 'ਚ ਆਇਆ ਹੋਇਆ ਹੈ ਅਤੇ ਹਲਕੇ ਅੰਦਰ ਅਜਿਹੀਆਂ ਸਾਜਿਸ਼ਾਂ ਕਦੇ ਵੀ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਮੌਕੇ ਇਕਬਾਲ ਬਰਾੜ੍ਹ ਨੇ ਕਿਹਾ ਕਿ ਹਲਕਾ ਜਲਾਲਾਬਾਦ 'ਚ ਕਦੇ ਵੀ ਜਾਤੀਵਾਦਕ ਹਿੰਸਾ ਸਾਮ੍ਹਣੇ ਨਹੀਂ ਆਈ ਹੈ ਅਤੇ ਸਾਰੇ ਲੋਕ ਆਪਸ 'ਚ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਹਨ। ਪਰ ਅਜਿਹੇ ਲੋਕ ਜੋ ਸਿਆਸਤ 'ਚ ਸੋੜੀ ਸੋਚ ਰੱਖਦੇ ਹਨ ਉਨ੍ਹਾਂ ਨੇ ਇਸ ਮਾਮਲੇ ਨੂੰ ਜਾਤੀਵਾਦ ਦਾ ਨਾਅ ਦੇ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ।


Shyna

Content Editor

Related News