ਬਾਬਰੀ ਮਸਜਿਦ ’ਤੇ ਹੰਝੂ ਵਹਾਉਣ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ''ਤੇ ਚੁੱਪ ਤੋੜਨ ਸੋਨੀਆ ਗਾਂਧੀ: ਪੀਰ ਮੁਹੰਮਦ

Monday, Nov 09, 2026 - 05:55 PM (IST)

ਬਾਬਰੀ ਮਸਜਿਦ ’ਤੇ ਹੰਝੂ ਵਹਾਉਣ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ''ਤੇ ਚੁੱਪ ਤੋੜਨ ਸੋਨੀਆ ਗਾਂਧੀ: ਪੀਰ ਮੁਹੰਮਦ

ਜੈਤੋ (ਰਘੂਨੰਦਨ ਪਰਾਸ਼ਰ): ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਆਲ ਇੰਡੀਆ ਕਾਂਗਰਸ ਕਮੇਟੀ ਆਈ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਉਸ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਬਾਬਰੀ ਮਸਜਿਦ ਢਾਹੇ ਜਾਣ ਵੇਲੇ ਆਪਣੇ ਰੋ ਪੈਣ ਦਾ ਜ਼ਿਕਰ ਕੀਤਾ ਹੈ।

ਕਰਨੈਲ ਸਿੰਘ ਪੀਰਮੁਹੰਮਦ ਨੇ ਬੀਬੀ ਸੋਨੀਆ ਗਾਂਧੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਹੈ ਕਿ ਉਹ ਦੇਸ਼ ਅਤੇ ਸਿੱਖ ਕੌਮ ਨੂੰ ਇਹ ਵੀ ਦੱਸਣ ਕਿ ਜਦੋਂ 31 ਅਕਤੂਬਰ 1984 ਨੂੰ ਉਨ੍ਹਾਂ ਦੀ ਸੱਸ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਜੋ 10 ਦਿਨ ਦੇਸ਼ ਦੀ ਰਾਜਧਾਨੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਸਮੇਤ ਵੱਖ-ਵੱਖ ਥਾਵਾਂ 'ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ, ਉਸ ਵੇਲੇ ਉਨ੍ਹਾਂ ਨੇ ਉਹ ਦਿਨ ਕਿਵੇਂ ਬਤੀਤ ਕੀਤੇ? ਉਨ੍ਹਾਂ ਕਿਹਾ ਕਿ ਜਿੱਥੇ ਸੋਨੀਆ ਗਾਂਧੀ ਨੇ ਆਪਣੀ ਸੱਸ ਦੀ ਮੌਤ ਦਾ ਦੁੱਖ ਮਨਾਇਆ, ਉੱਥੇ ਹੀ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ ਦੀ ਸਰਪ੍ਰਸਤੀ ਹੇਠ ਅਤੇ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਸੀਨੀਅਰ ਆਗੂਆਂ ਸੱਜਣ ਕੁਮਾਰ, ਕਮਲਨਾਥ, ਅਰੁਣ ਨਹਿਰੂ, ਧਰਮਦਾਸ ਸ਼ਾਸਤਰੀ, ਐਚ. ਕੇ. ਐਲ. ਭਗਤ ਅਤੇ ਜਗਦੀਸ਼ ਟਾਈਟਲਰ ਦੀ ਦੇਖ-ਰੇਖ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਸਰੇਆਮ ਕਤਲੇਆਮ ਕੀਤਾ ਗਿਆ। ਕੀ ਉਸ ਵੇਲੇ ਵੀ ਸੋਨੀਆ ਗਾਂਧੀ ਨੂੰ ਉਨ੍ਹਾਂ ਹਜ਼ਾਰਾਂ ਬੇਗੁਨਾਹਾਂ ਦੇ ਕਤਲੇਆਮ 'ਤੇ ਰੋਣਾ ਆਇਆ ਸੀ? 

ਪੀਰਮੁਹੰਮਦ ਨੇ ਅੱਗੇ ਸਵਾਲ ਕੀਤਾ ਕਿ ਜੇਕਰ ਉਸ ਵੇਲੇ ਉਨ੍ਹਾਂ ਨੂੰ ਰੋਣਾ ਆਇਆ ਸੀ, ਤਾਂ ਕੀ ਉਨ੍ਹਾਂ ਨੇ ਪਾਰਟੀ ਦੀ ਕਮਾਨ ਸੰਭਾਲਣ ਤੋਂ ਬਾਅਦ ਇਨ੍ਹਾਂ ਦਰਿੰਦਿਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਕੋਈ ਕਾਰਵਾਈ ਕੀਤੀ? ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਪਿੱਛੇ ਗਾਂਧੀ ਪਰਿਵਾਰ ਦੀ ਕੀ ਬੇਵਸੀ ਸੀ?ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਅੱਜ ਦੀ ਸਿਆਸਤ ਵਿੱਚ ਵੀ ਸਿੱਖਾਂ ਦੇ ਕਾਤਲਾਂ ਦੀ ਸਰਪ੍ਰਸਤੀ ਕਰ ਰਹੀ ਹੈ। ਕਮਲਨਾਥ ਅਤੇ ਜਗਦੀਸ਼ ਟਾਈਟਲਰ ਵਰਗੇ ਆਗੂ ਅੱਜ ਵੀ ਉਨ੍ਹਾਂ ਦੀ ਪਾਰਟੀ ਵਿੱਚ ਮੌਜੂਦ ਹਨ, ਜਦਕਿ ਸੱਜਣ ਕੁਮਾਰ ਵੀ ਮਰਨ ਤੱਕ ਕਾਂਗਰਸ ਦਾ ਆਗੂ ਰਿਹਾ। ਜੋ ਲੋਕ ਅਜੇ ਤੱਕ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਹਨ, ਉਨ੍ਹਾਂ ਬਾਰੇ ਵੀ ਬੀਬੀ ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਆਪਣਾ ਨਜ਼ਰੀਆ ਸਪੱਸ਼ਟ ਕਰਨਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਮੰਗ ਕੀਤੀ ਹੈ ਕਿ ਸੋਨੀਆ ਗਾਂਧੀ ਬਾਬਰੀ ਮਸਜਿਦ 'ਤੇ ਹੰਝੂ ਵਹਾਉਣ ਦਾ ਦਾਅਵਾ ਕਰਨ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਬਾਰੇ ਇੱਕ ਵਿਸਥਾਰਪੂਰਵਕ ਸਪੱਸ਼ਟੀਕਰਨ ਦੇਣ ਅਤੇ ਦੱਸਣ ਕਿ ਉਸ ਸਮੇਂ ਉਨ੍ਹਾਂ ਨੇ ਕੀ ਮਹਿਸੂਸ ਕੀਤਾ ਸੀ।
 


author

Anmol Tagra

Content Editor

Related News