ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ 30 ਅਸਥਾਈ ਲਾਇਸੰਸਾਂ ਦਾ ਕੱਢਿਆ ਡਰਾਅ

Saturday, Oct 31, 2026 - 04:36 PM (IST)

ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ 30 ਅਸਥਾਈ ਲਾਇਸੰਸਾਂ ਦਾ ਕੱਢਿਆ ਡਰਾਅ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਜਾਰੀ ਹੁਕਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਦਿਆਂ ਆਗਾਮੀ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੰਸ ਜਾਰੀ ਕਰਨ ਸਬੰਧੀ ਮਿਤੀ 30 ਅਕਤੂਬਰ, 2026 ਨੂੰ ਬਾਅਦ ਦੁਪਹਿਰ 3:30 ਵਜੇ ਦਫ਼ਤਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਡਰਾਅ ਕੱਢਿਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਗੁਰਕਿਰਨਦੀਪ ਸਿੰਘ, ਪੀ.ਸੀ.ਐੱਸ. ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਸਬੰਧੀ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਾਇਸੰਸ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਰਾਹੀਂ ਮਿਤੀ 19 ਅਕਤੂਬਰ, 2026 ਤੋਂ 23 ਅਕਤੂਬਰ, 2026 ਸ਼ਾਮ 5:00 ਵਜੇ ਤੱਕ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਇਸ ਪ੍ਰਕਿਰਿਆ ਦੌਰਾਨ ਕੁੱਲ 1812 ਅਰਜ਼ੀਆਂ ਪ੍ਰਾਪਤ ਹੋਈਆਂ। ਨਿਰਧਾਰਿਤ ਪ੍ਰਕਿਰਿਆ ਅਨੁਸਾਰ ਵੱਖ-ਵੱਖ ਪਹਿਲਾਂ ਤੋਂ ਨਿਰਧਾਰਿਤ ਸਥਾਨਾਂ 'ਤੇ ਪਟਾਕਿਆਂ ਦੀ ਵਿਕਰੀ ਲਈ ਕੁੱਲ 30 ਅਸਥਾਈ ਲਾਇਸੰਸਾਂ ਦੀ ਚੋਣ ਡਰਾਅ ਰਾਹੀਂ ਕੀਤੀ ਗਈ।

ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਗੁਰਕਿਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਇਸੰਸਾਂ ਦੀ ਵੰਡ ਦੀ ਸਮੁੱਚੀ ਪ੍ਰਕਿਰਿਆ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਣ ਦੇ ਮੱਦੇਨਜ਼ਰ ਸਾਰੇ ਬਿਨੈਕਾਰਾਂ ਨੂੰ ਬਰਾਬਰ ਮੌਕਾ ਦੇਣ ਅਤੇ ਲਾਇਸੰਸਾਂ ਦੀ ਚੋਣ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਡਰਾਅ ਦੀ ਪ੍ਰਕਿਰਿਆ ਅਪਣਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਲਾਇਸੰਸ ਧਾਰਕ ਦੀਵਾਲੀ ਦੇ ਤਿਉਹਾਰ ਮੌਕੇ ਮਿਤੀ 07 ਨਵੰਬਰ ਤੋਂ 09 ਨਵੰਬਰ, 2026 ਤੱਕ ਅਤੇ ਗੁਰਪੁਰਬ ਦੇ ਮੌਕੇ ਮਿਤੀ 23 ਨਵੰਬਰ ਅਤੇ 24 ਨਵੰਬਰ, 2026 ਨੂੰ ਹੀ ਪਟਾਕਿਆਂ ਦੀ ਵਿਕਰੀ ਕਰ ਸਕਣਗੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੇਵਲ ਅਲਾਟ ਕੀਤੇ ਗਏ ਨਿਰਧਾਰਿਤ ਸਥਾਨਾਂ ਅਤੇ ਨਿਰਧਾਰਿਤ ਮਿਤੀਆਂ ਦੌਰਾਨ ਹੀ ਪਟਾਕਿਆਂ ਦੀ ਵਿਕਰੀ ਕਰਨ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਾਤਾਵਰਣ ਦੀ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਪਟਾਕਿਆਂ ਦੀ ਵਰਤੋਂ ਕਰਨ ਅਤੇ ਨਿਰਧਾਰਿਤ ਸਮੇਂ ਤੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ।


author

Gurminder Singh

Content Editor

Related News