ਮੁਕਤਸਰ ਦੇ ਵਿਧਾਇਕ ਕਾਕਾ ਬਰਾੜ ਨੇ ਪੂਰੀ ਕੀਤੀ ਸ਼ਹਿਰ ਵਾਸੀਆਂ ਦੀ 10 ਸਾਲ ਤੋਂ ਲਟਕਦੀ ਆ ਰਹੀ ਮੰਗ
Tuesday, Apr 18, 2023 - 05:46 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਹਲਕਾ ਵਿਧਾਇਕ ਜਗਦੀਪ ਸਿੰਘ ‘ਕਾਕਾ ਬਰਾੜ’ ਵੱਲੋਂ ਸ਼ਹਿਰ ਵਾਸੀਆਂ ਦੀ ਪਿਛਲੇ 10 ਸਾਲਾਂ ਤੋਂ ਲਟਕਦੀ ਭਾਰੀ ਮੰਗ ਨੂੰ ਅੱਜ ਪੂਰਾ ਕਰਦਿਆਂ ਸਥਾਨਕ ਭਾਗਸਰ ਰੋਡ ’ਤੇ ਬਣੇ ਬਰਸਾਤੀ ਨਾਲੇ ਨੂੰ ਖੁੱਲ੍ਹਾ ਕਰਕੇ ਨਵੇਂ ਸਿਰਿਓ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਹ ਕੰਮ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਵੱਲੋਂ ਵਿਧਾਇਕ 'ਕਾਕਾ ਬਰਾੜ' ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਭਾਗਸਰ ਰੋਡ ’ਤੇ ਬਰਸਾਤੀ ਨਾਲਾ ਬਣਿਆ ਹੋਇਆ ਹੈ। ਇਹ ਨਾਲਾ ਕਾਫ਼ੀ ਭੀੜਾ ਤੇ ਖ਼ਸਤਾ ਹਾਲਤ ਵਿੱਚ ਸੀ। ਇਹ ਮੰਗ ਪਿਛਲੇ ਕਰੀਬ 10 ਸਾਲਾਂ ਤੋਂ ਲੋਕਾਂ ਵੱਲੋਂ ਕੀਤੀ ਜਾ ਰਹੀ ਸੀ ਕਿ ਇਸ ਨਾਲੇ ਨੂੰ ਖੁੱਲ੍ਹਾ ਕਰਕੇ ਨਵੇਂ ਸਿਰਿਓ ਬਣਾਇਆ ਜਾਵੇ।
ਇਹ ਵੀ ਪੜ੍ਹੋ- ਕੇਂਦਰ ਵਲੋਂ ਕਣਕ ਦੇ ਭਾਅ ’ਚ ਕਟੌਤੀ ਦੇ ਫ਼ੈਸਲੇ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ
ਵਿਧਾਇਕ ਨੇ ਦੱਸਿਆ ਕਿ ਸਾਰੇ ਸ਼ਹਿਰ ਦਾ ਬਰਸਾਤੀ ਪਾਣੀ ਇਸੇ ਰਾਹ ਤੋਂ ਹੁੰਦਾ ਹੋਇਆ ਨਾਲੇ ਵਿੱਚੋਂ ਦੀ ਲੰਘਦਾ ਹੈ ਪਰ ਇਹ ਨਾਲਾ ਕਾਫ਼ੀ ਭੀੜਾ ਤੇ ਖ਼ਸਤਾ ਹੋਣ ਕਾਰਨ ਪਾਣੀ ਲੰਘਣ ’ਚ ਵੱਡੀ ਪਰੇਸ਼ਾਨੀ ਪੇਸ਼ ਆਉਂਦੀ ਸੀ। ਇਹ ਸਾਰਾ ਮਸਲਾ ਮੁਹੱਲਾ ਨਿਵਾਸੀਆਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਸ ’ਤੇ ਕਾਰਵਾਈ ਕਰਦਿਆਂ ਇਸ ਨੂੰ ਨਵੇਂ ਸਿਰਿਓ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਮੁਹੱਲਾ ਨਿਵਾਸੀ ਜਤਿੰਦਰ ਮਹੰਤ ਨੇ ਵਿਧਾਇਕ ਕਾਕਾ ਬਰਾੜ ਦਾ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਪਿਛਲੇ 10 ਸਾਲ ਤੋਂ ਇਹ ਮੰਗ ਲਟਕੀ ਹੋਈ ਸੀ। ਪਹਿਲਾ ਅਕਾਲੀ ਦਲ ਤੇ ਫਿਰ ਕਾਂਗਰਸ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।'ਆਪ' ਸਰਕਾਰ ਆਉਣ ’ਤੇ ਉਨ੍ਹਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ। ਇਹ ਮੰਗ ਪੂਰੀ ਹੋਣ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਬਰਨਾਲਾ 'ਚ ਨਹਾਉਣ ਸਮੇਂ ਵਿਅਕਤੀ ਨਾਲ ਵਾਪਰਿਆ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।