ਫਰੀਦਕੋਟ ’ਚ 17 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦਾ ਦੋਸ਼, ਮੁਕੱਦਮਾ ਦਰਜ
Thursday, Oct 22, 2026 - 05:36 PM (IST)
ਫਰੀਦਕੋਟ (ਰਾਜਨ) : ਥਾਣਾ ਸਦਰ ਫਰੀਦਕੋਟ ਅਧੀਨ ਪੈਂਦੇ ਪਿੰਡ ਅਰਾਈਆਂਵਾਲਾ ਕਲਾਂ ਤੋਂ 17 ਸਾਲਾ ਨਾਬਾਲਗ ਲੜਕੀ ਨੂੰ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਪਿੰਡ ਨਵੀਂ ਪਿੱਪਲੀ ਦੇ ਰਹਿਣ ਵਾਲੇ ਲਵਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ 11ਵੀਂ ਜਮਾਤ ਵਿਚ ਪੜ੍ਹਦੀ ਹੈ। 20 ਅਤੇ 21 ਅਕਤੂਬਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਜਦੋਂ ਉਹ ਪਾਣੀ ਪੀਣ ਲਈ ਉੱਠਿਆ ਤਾਂ ਲੜਕੀ ਆਪਣੇ ਬਿਸਤਰੇ ’ਤੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਲੜਕੀ ਦੇ ਪਿਤਾ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਲਵਦੀਪ ਸਿੰਘ ਵਾਸੀ ਪਿੰਡ ਨਵੀਂ ਪਿੱਪਲੀ, ਜ਼ਿਲ੍ਹਾ ਫਰੀਦਕੋਟ, ਕਥਿਤ ਤੌਰ ’ਤੇ ਉਸ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।
ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਨੌਜਵਾਨ ਪਹਿਲਾਂ ਵੀ ਉਸ ਦੀ ਲੜਕੀ ’ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਇਸ ਸਬੰਧੀ ਉਸ ਨੂੰ ਕਈ ਵਾਰ ਸਮਝਾਇਆ ਗਿਆ ਸੀ। ਪੁਲਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ.ਐੱਸ.ਆਈ. ਗੁਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
