ਚਾਲੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਯਾਦਗਾਰੀ ਮਾਘੀ ਮੇਲੇ ਦੇ ਗਰਾਊਂ ਦੀ ਬੋਲੀ 56 ਲੱਖ ਤੋਂ ਪਾਰ
Tuesday, Dec 25, 2018 - 11:16 AM (IST)
ਫਰੀਦਕੋਟ (ਪਵਨ)- ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਚ ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਮਾਘੀ ਮੇਲੇ ਦੀ ਗਰਾਊਂਡ ਦਾ ਠੇਕਾ ਬੀਤੇ ਸਾਲ ਦੇ ਮੁਕਾਬਲੇ 10 ਲੱਖ ਮਹਿੰਗਾ ਹੋਇਆ। ਇਸ ਵਾਰ 12 ਵਿਅਕਤੀਆਂ ਨੇ ਫਾਰਮ ਲੈ ਕੇ ਉਨ੍ਹਾਂ ’ਚੋਂ 9 ਨੇ ਜਮ੍ਹਾ ਕਰਵਾਏ ਸਨ ਪਰ ਬਾਅਦ ਵਿਚ ਹੋਈ ਬੋਲੀ ’ਚੋਂ ਠੇਕਾ ਬੀਤੇ ਸਾਲ ਤੋਂ 10 ਲੱਖ ਜ਼ਿਆਦਾ ਜਾ ਪਹੁੰਚਿਆ। ਬੀਤੇ ਸਾਲ ਇਹ ਠੇਕਾ 46 ਲੱਖ 31 ਹਜ਼ਾਰ ਵਿਚ ਹੋਇਆ ਸੀ, ਜਦੋਂਕਿ ਇਸ ਵਾਰ 56 ਲੱਖ 41 ਹਜ਼ਾਰ 131 ਰੁਪਏ ਮਹਿੰਗਾ ਹੋਇਆ ਹੈ। ਇਸ ਲਈ 4 ਲੱਖ 60 ਹਜ਼ਾਰ ਰੁਪਏ ਸਕਿਓਰਿਟੀ ਦੀ ਰਾਸ਼ੀ ਤੈਅ ਕੀਤੀ ਗਈ ਸੀ। ਠੇਕੇ ਲਈ 12 ਵਿਅਕਤੀਆਂ ਰਣਧੀਰ ਕੁਮਾਰ ਬਠਿੰਡਾ, ਅੰਮ੍ਰਿਤ ਲਾਲ ਫਿਰੋਜ਼ਪੁਰ, ਸੁਨੀਲ ਕੁਮਾਰ ਹਿਸਾਰ, ਸਤ ਨਰਾਇਣ ਦਿੱਲੀ, ਰਾਜ ਕੁਮਾਰ ਗੋਇਲ ਮੁਕਤਸਰ, ਰਵੀ ਕੁਮਾਰ ਮੁਕਤਸਰ, ਜਨਕ ਕੰਪਨੀ ਸੁਰਿੰਦਰ ਮੋਹਨ ਜੈਨ, ਜੈਨ ਅਕਾਊਂਟਮੈਂਟ ਅੰਕਿਤ ਜੈਨ ਦਿੱਲੀ, ਜਗਮੀਤ ਸਿੰਘ ਮੁਕਤਸਰ, ਸਤਨਾਮ ਸਿੰਘ ਗੋਨਿਆਣਾ ਰੋਡ ਮੁਕਤਸਰ, ਅਸ਼ੋਕ ਕੁਮਾਰ ਮੁਕਤਸਰ ਅਤੇ ਜਗਮੀਤ ਸਿੰਘ ਮੁਕਤਸਰ ਨੇ ਟੈਂਡਰ ਦੇ ਫਾਰਮ ਲਏ ਸੀ। ਸੋਮਵਾਰ ਦੀ ਦੁਪਹਿਰ ਨੂੰ ਡੀ. ਸੀ. ਦਫ਼ਤਰ ਵਿਚ ਏ. ਡੀ. ਸੀ. ਡਾ. ਰਿਚਾ ਦੀ ਪ੍ਰਧਾਨਗੀ ਵਿਚ ਟੈਂਡਰ ਖੋਲ੍ਹੇ ਗਏ। ਇਹ ਬੋਲੀ ਦਿੱਲੀ ਦੇ ਅੰਕਿਤ ਜੈਨ ਦੇ ਨਾਂ ’ਤੇ ਟੁੱਟੀ। ਇਸ ਦੌਰਾਨ ਜੀ. ਏ. ਟੂ ਡੀ. ਸੀ. ਵੀਰਪਾਲ ਕੌਰ, ਵੈੱਲਫੇਅਰ ਅਧਿਕਾਰੀ ਜਗਮੋਹਨ ਸਿੰਘ ਮਾਨ, ਤਹਿਸੀਲਦਾਰ ਮਨਜੀਤ ਸਿੰਘ ਭੰਡਾਰੀ, ਰੈੱਡ ਕਰਾਸ ਸਕੱਤਰ ਗੋਪਾਲ ਸਿੰਘ ਆਦਿ ਹਾਜ਼ਰ ਸਨ।
