ਜਬਰ-ਜ਼ਿਨਾਹ ਪੀੜਤਾ ਦਾ ਮੈਡੀਕਲ ਕਰਵਾਉਣ ਆਈ ਮਹਿਲਾ ਸਬ-ਇੰਸਪੈਕਟਰ ਨਾਲ ਡਾਕਟਰ ਨੇ ਕੀਤਾ ਦੁਰਵਿਵਹਾਰ
Sunday, May 28, 2023 - 05:47 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਦੀ ਮਹਿਲਾ ਸਬ ਇੰਸਪੈਕਟਰ ਗੁਰਮੇਲ ਕੌਰ ਨਾਲ ਸਥਾਨਕ ਮੈਡੀਕਲ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਵੱਲੋਂ ਉਸ ਵੇਲੇ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਇਹ ਮਹਿਲਾ ਸਬ ਇੰਸਪੈਕਟਰ ਸ਼ਹਿਰ ਦੇ ਇੱਕ ਪਰਿਵਾਰ ਵਾਸੀ ਦੀ 8 ਸਾਲਾ ਕੁੜੀ, ਜੋ ਉਸਦੇ ਗੁਆਂਢੀ ਵੱਲੋਂ ਜਬਰ-ਜ਼ਿਨਾਹ ਦੀ ਸ਼ਿਕਾਰ ਹੋਈ ਸੀ, ਦਾ ਮੈਡੀਕਲ ਕਰਵਾਉਣ ਲਈ ਗਈ ਹੋਈ ਸੀ। ਇਸ ਸਬੰਧੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਹਿਲਾ ਸਬ ਇੰਸਪੈਕਟਰ ਗੁਰਮੇਲ ਕੌਰ, ਜੋ ਪੁਲਸ ਵਿਭਾਗ ਦੇ ਪੀ. ਓ ਵਿੰਗ ਦੇ ਮੁਖੀ ਹਨ, ਵੱਲੋਂ ਇਹ ਮਾਮਲਾ ਦਰਜ ਕਰਵਾਈ ਗਈ ਹੈ ਕਿ ਜਦੋਂ ਉਹ ਮੈਡੀਕਲ ਹਸਪਤਾਲ ਵਿਖੇ ਬੱਚੀ ਦੀ ਡਾਕਟਰੀ ਜਾਂਚ ਕਰਵਾਉਣ ਲਈ ਗਈ।
ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'
ਇਸ ਦੌਰਾਨ ਉਸਨੇ ਡਾਕਟਰ ਰੁਪਿੰਦਰ ਕੌਰ ਨੂੰ ਅਰਜ਼ੀ ਦੇ ਕੇ ਜਦੋਂ ਪੀੜਤ ਕੁੜੀ ਦਾ ਮੈਡੀਕਲ ਕਰਨ ਦੀ ਗੱਲ ਆਖੀ ਤਾਂ ਮਹਿਲਾ ਡਾਕਟਰ ਨੇ ਸਬ ਇੰਸਪੈਕਟਰ ਨਾਲ ਦੁਰਵਿਵਹਾਰ ਕੀਤਾ ਅਤੇ ਹੋਰ ਅਪਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਗੁਰਮੇਲ ਕੌਰ ਨਾਲ ਇਸ ਮਸਲੇ ’ਤੇ ਉਨ੍ਹਾਂ ਗੱਲ ਕੀਤੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਡੀ. ਐੱਸ. ਪੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਗਰੀਬ ਪਰਿਵਾਰ ਦੇ ਮੈਂਬਰ, ਜੋ ਪਹਿਲਾਂ ਹੀ ਡਰੇ ਹੋਏ ਹਨ ਨਾਲ ਮਹਿਲਾ ਡਾਕਟਰ ਨੂੰ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਸੀ ਅਤੇ ਇੱਕ ਡਾਕਟਰ ਨੂੰ ਆਪਣੇ ਫਰਜ਼ਾਂ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਬੀਤੀ 27 ਮਈ ਨੂੰ 8 ਸਾਲਾ ਨਾਬਾਲਗ ਕੁੜੀ ਦੇ ਘਰ ਵਿੱਚ ਇਕੱਲੀ ਹੋਣ ਦੀ ਸੂਰਤ ਵਿੱਚ ਉਸਦੇ ਗੁਆਂਢੀ ਵੱਲੋਂ ਜਬਰ-ਜ਼ਿਨਾਹ ਕਰਨ ਸਬੰਧੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸਥਾਨਕ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੌਰਾਨ ਪੁਲਸ ਵੱਲੋਂ ਸਬੰਧਤ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕੁੜੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਉਕਤ ਕਾਰਵਾਈ ਕੀਤੀ ਗਈ ਸੀ। ਇਸੇ ਹੀ ਸਬੰਧ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਸੀਨੀਅਰ ਪੁਲਸ ਕਪਤਾਨ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਸਬੰਧਤ ਮਹਿਲਾ ਡਾਕਟਰ ਨੂੰ ਵੀ ਬੁਲਾ ਕੇ ਪੁੱਛ-ਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ
ਇੱਥੇ ਇਹ ਦੱਸਣਯੋਗ ਹੈ ਕਿ 8 ਸਾਲਾ ਕੁੜੀ, ਜੋ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਹੈ, ਇੱਕ ਬੇਹੱਦ ਗਰੀਬ ਪਰਿਵਾਰ ਨਾਲ ਸਬੰਧਤ ਹੈ। ਇਸ ਲਈ ਮਹਿਲਾ ਡਾਕਟਰ ਵੱਲੋਂ ਮਹਿਲਾ ਸਬ ਇੰਸਪੈਕਟਰ ਨਾਲ ਦੁਰਵਿਵਹਾਰ ਕਰਨਾ ਬੜੀ ਸ਼ਰਮ ਵਾਲੀ ਗੱਲ ਹੈ। ਜੇਕਰ ਸਿਹਤ ਵਿਭਾਗ ਆਪਣੇ ਅਸਰ ਰਸੂਖ਼ ਸਦਕਾ ਇਸ ਮਸਲੇ ਨੂੰ ਟਾਲ ਮਟੋਲ ਕਰਕੇ ਵਿਸਾਰ ਦਿੰਦਾ ਹੈ ਤਾਂ ਇਹ ਪੀੜਤ ਕੁੜੀ ਅਤੇ ਪੁਲਸ ਪ੍ਰਸ਼ਾਸਨ ਨੂੰ ਇਨਸਾਫ਼ ਦੇਣ ਵਾਲੀ ਗੱਲ ਨਹੀਂ ਹੋਵੇਗੀ। ਪੁਲਸ ਸੂਤਰਾਂ ਅਨੁਸਾਰ ਜਬਰ-ਜ਼ਿਨਾਹ ਕਰਨ ਵਾਲਾ ਮੁਲਜ਼ਮ, ਜੋ ਕਰੀਬ 60-65 ਸਾਲ ਦਾ ਹੈ, ਨੂੰ ਪੁਲਸ ਵਿਭਾਗ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।