ਕੱਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’, ਪੈਣਗੀਆਂ ਢਿੱਡੀਂ ਪੀੜਾਂ
Thursday, Sep 01, 2022 - 05:22 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਕੱਲ ਯਾਨੀ 2 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਆਪਣੇ ਵੱਖਰੇ ਵਿਸ਼ੇ ਨੂੰ ਲੈ ਕੇ ਟਰੇਲਰ ਰਿਲੀਜ਼ ਤੋਂ ਹੀ ਚਰਚਾ ’ਚ ਹੈ। ਟਰੇਲਰ ਜਿਥੇ ਢਿੱਡੀਂ ਪੀੜਾਂ ਪਾ ਰਿਹਾ ਹੈ, ਉਥੇ ਦਰਸ਼ਕਾਂ ਨੂੰ ਇਕ ਵੱਖਰੇ ਵਿਸ਼ੇ ਨਾਲ ਰੂ-ਬ-ਰੂ ਵੀ ਕਰਵਾਏਗਾ।
ਗਿੱਪੀ ਗਰੇਵਾਲ ਆਪਣੇ ਇੰਟਰਵਿਊਜ਼ ਦੌਰਾਨ ਬਹੁਤ ਵਾਰ ਇਹ ਗੱਲ ਆਖ ਚੁੱਕੇ ਹਨ ਕਿ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਤੋਂ ਉਨ੍ਹਾਂ ਨੂੰ ‘ਕੈਰੀ ਆਨ ਜੱਟਾ’ ਵਰਗੀ ਫੀਲ ਆ ਰਹੀ ਹੈ। ਜਿੰਨੀ ਵਾਰ ਲੋਕ ‘ਕੈਰੀ ਆਨ ਜੱਟਾ’ ਫ਼ਿਲਮ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ, ਉਸ ਤੋਂ ਕਿਤੇ ਗੁਣਾ ਵੱਧ ਹਾਸਾ ਤੇ ਮਜ਼ਾ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਨੂੰ ਦੇਖ ਕੇ ਆਵੇਗਾ।
ਇਹ ਖ਼ਬਰ ਵੀ ਪੜ੍ਹੋ : ਆਮਿਰ ਖ਼ਾਨ ਨੇ ਆਪਣੀਆਂ ਗਲਤੀਆਂ ਲਈ ਜਨਤਕ ਤੌਰ ’ਤੇ ਮੰਗੀ ਮੁਆਫ਼ੀ, ਦੇਖੋ ਵੀਡੀਓ
‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ। ਗਿੱਪੀ ਜਿਥੇ ਵਿਆਹ ਤੋਂ ਬਾਅਦ ਪਿਆਰ ਦੀ ਭਾਲ ’ਚ ਲੱਗਾ ਹੈ, ਉਥੇ ਤਨੂੰ ਗਰੇਵਾਲ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਹੀ ਪ੍ਰੇਮਿਕਾ ਬਣ ਚੈਟਿੰਗ ਤੇ ਫੋਨ ’ਤੇ ਗੱਲਬਾਤ ਕਰਦੀ ਹੈ। ਇਸ ਤੋਂ ਅੱਗੇ ਕੀ ਕੁਝ ਮੁਸ਼ਕਿਲਾਂ ਗਿੱਪੀ ਤੇ ਤਨੂੰ ਗਰੇਵਾਲ ਨੂੰ ਆਉਂਦੀਆਂ ਹਨ ਤੇ ਕਿਵੇਂ ਉਸ ਨੂੰ ਕਾਮੇਡੀ ਭਰਪੂਰ ਲਹਿਜ਼ੇ ਨਾਲ ਬਿਆਨ ਕੀਤਾ ਗਿਆ ਹੈ, ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।
ਦੱਸ ਦੇਈਏ ਕਿ ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਟਰੇਲਰ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਸ ’ਚ ਹਰ ਰੰਗ ਭਰਿਆ ਗਿਆ ਹੈ, ਭਾਵੇਂ ਉਹ ਕਾਮੇਡੀ ਹੋਵੇ, ਰੋਮਾਂਟਿਕ ਹੋਵੇ ਜਾਂ ਫਿਰ ਸੈਡ। ਇਸ ਫ਼ਿਲਮ ਪ੍ਰਤੀ ਲੋਕਾਂ ਦੀ ਖਿੱਚ ਵੀ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।