‘ਸ਼ਰਾਬ’ ਗੀਤ ਨੂੰ ਲੈ ਕੇ ਕਸੂਤੇ ਫਸੇ ਕਰਨ ਔਜਲਾ ਤੇ ਹਰਜੀਤ ਹਰਮਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

Thursday, Sep 16, 2021 - 10:54 AM (IST)

‘ਸ਼ਰਾਬ’ ਗੀਤ ਨੂੰ ਲੈ ਕੇ ਕਸੂਤੇ ਫਸੇ ਕਰਨ ਔਜਲਾ ਤੇ ਹਰਜੀਤ ਹਰਮਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀ ਐਲਬਮ ‘ਬੀ. ਟੀ. ਐੱਫ. ਯੂ.’ ਰਿਲੀਜ਼ ਹੋਈ ਹੈ। ਇਹ ਐਲਬਮ ਰਿਲੀਜ਼ ਤੋਂ ਬਾਅਦ ਜਿਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਇਸ ਨਾਲ ਹੁਣ ਇਕ ਵਿਵਾਦ ਵੀ ਜੁੜ ਗਿਆ ਹੈ।

ਅਸਲ ’ਚ ਕਰਨ ਔਜਲਾ ਨੇ ਐਲਬਮ ਦੇ ਇਕ ਗੀਤ ‘ਸ਼ਰਾਬ’ ’ਚ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕੀਤੀ ਹੈ, ਜਿਸ ’ਤੇ ਮਹਿਲਾ ਕਮਿਸ਼ਨ ਨੇ ਐਕਸ਼ਨ ਲਿਆ ਹੈ। ਸਿਰਫ ਕਰਨ ਔਜਲਾ ਹੀ ਨਹੀਂ, ਸਗੋਂ ਇਸ ਗੀਤ ’ਚ ਕਰਨ ਔਜਲਾ ਨਾਲ ਗੀਤਕਾਰੀ ਕਰਨ ਵਾਲੇ ਗਾਇਕ ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਨੂੰ ਵੀ ਨੋਟਿਸ ਭੇਜਿਆ ਹੈ।

PunjabKesari

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਸ ਸਬੰਧੀ ਇਕ ਫੇਸਬੁੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ। ਹਾਲ ਹੀ ’ਚ ਪੰਜਾਬੀ ਗਾਇਕ ਕਰਨ ਔਜਲਾ, ਹਰਜੀਤ ਹਰਮਨ ਦੇ ਆਏ ਗਾਣੇ ‘ਸ਼ਰਾਬ’ ’ਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ’ਤੇ ਸੋ ਮੋਟੋ ਲੈਂਦਿਆਂ ਅਸੀਂ ਦੋਵੇਂ ਗਾਇਕਾਂ ਕਰਨ ਔਜਲਾ, ਹਰਜੀਤ ਹਰਮਨ ਤੇ ਸਪੀਡ ਰਿਕਾਰਡਸ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਹੈ। ਮਹਿਲਾਵਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਤੇ ਉਨ੍ਹਾਂ ਦੀ ਤੁਲਨਾ ਬੰਦੂਕਾਂ, ਨਸ਼ਿਆਂ ਨਾਲ ਕਰਨਾ ਬਹੁਤ ਮੰਦਭਾਗੀ ਗੱਲ ਹੈ।’

PunjabKesari

ਦੱਸ ਦੇਈਏ ਕਿ ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਨੋਟਿਸ ਦੀ ਕਾਪੀ ਵੀ ਅਪਲੋਡ ਕੀਤੀ ਹੈ। ਇਹ ਮਾਮਲਾ ਮਹਿਲਾ ਕਮਿਸ਼ਨ ਦੇ ਧਿਆਨ ’ਚ ਪੰਡਿਤਰਾਓ ਧਰੇਨਵਰ ਨੇ ਲਿਆਂਦਾ ਹੈ। ਪੰਡਿਤਰਾਓ ਧਰੇਨਵਰ ਇਸ ਤੋਂ ਪਹਿਲਾਂ ਕਈ ਪੰਜਾਬੀ ਗਾਇਕਾਂ ਖ਼ਿਲਾਫ਼ ਗੀਤਾਂ ’ਚ ਹਥਿਆਰਾਂ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਦੇ ਚਲਦਿਆਂ ਸ਼ਿਕਾਇਤ ਕਰ ਚੁੱਕੇ ਹਨ।

ਨੋਟ– ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News