ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ

03/29/2022 10:46:32 AM

ਮੁੰਬਈ (ਬਿਊਰੋ)– ਇਸ ਵਾਰ ਆਸਕਰਸ 2022 ਇਵੈਂਟ ’ਚ ਐਵਾਡਰਸ ਨਾਲੋਂ ਜ਼ਿਆਦਾ ਚਰਚਾ ’ਚ ਵਿਲ ਸਮਿਥ ਦੇ ਥੱਪੜ ਦੀ ਹੋ ਰਹੀ ਹੈ। ਅਦਾਕਾਰ ਨੇ ਆਪਣੀ ਪਤਨੀ ਜੇਡਾ ਪਿੰਕੇਟ ਸਮਿਥ ਦੇ ਗੰਜੇਪਨ ’ਤੇ ਮਜ਼ਾਕ ਕਰਨ ਵਾਲੇ ਸ਼ੋਅ ਦੇ ਹੋਸਟ ਤੇ ਸਟੈਂਡਅੱਪ ਕਾਮੇਡੀਅਨ ਕ੍ਰਿਸ ਰੌਕ ਨੂੰ ਸਟੇਜ ’ਤੇ ਜਾ ਕੇ ਥੱਪੜ ਮਾਰ ਦਿੱਤਾ ਸੀ।

ਫਿਰ ਕੀ ਸੀ, ਪੂਰੀ ਮਹਿਫਿਲ ਤੇ ਲਾਈਵ ਸ਼ੋਅ ਦੌਰਾਨ ਵਿਲ ਦੀ ਇਸ ਹਰਕਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਸ਼ੋਅ ’ਚ ਬੈਸਟ ਐਕਟਰ ਦਾ ਐਵਾਰਡ ਲੈਂਦੇ ਸਮੇਂ ਵਿਲ ਨੇ ਆਪਣੀ ਹਰਕਤ ’ਤੇ ਦੁੱਖ ਜ਼ਾਹਿਰ ਕੀਤਾ ਸੀ। ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕ੍ਰਿਸ ਰੌਕ ਕੋਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਲ ਸਮਿਥ ਨੇ ਕ੍ਰਿਸ ਰੌਕ ਨੂੰ ਮਾਰਿਆ ਸੀ ਥੱਪੜ, ਆਸਕਰ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

ਵਿਲ ਸਮਿਥ ਨੇ ਲਿਖਿਆ, ‘ਕਿਸੇ ਵੀ ਤਰ੍ਹਾਂ ਦੀ ਹਿੰਸਾ, ਜ਼ਹਿਰੀਲੀ ਤੇ ਬਰਬਾਦ ਕਰਨ ਵਾਲੀ ਹੁੰਦੀ ਹੈ। ਪਿਛਲੀ ਰਾਤ ਅਕੈਡਮੀ ਐਵਾਰਡਸ ’ਚ ਮੇਰਾ ਵਰਤਾਅ ਮਨਜ਼ੂਰਯੋਗ ਨਹੀਂ ਸੀ ਤੇ ਉਸ ਲਈ ਕੋਈ ਬਹਾਨਾ ਨਹੀਂ ਚੱਲੇਗਾ। ਮੇਰੇ ਹਿਸਾਬ ਨਾਲ ਮਜ਼ਾਕ ਸਾਡੇ ਕੰਮ ਦਾ ਹਿੱਸਾ ਹੈ ਪਰ ਜੇਡਾ ਦੀ ਮੈਡੀਕਲ ਕੰਡੀਸ਼ਨ ’ਤੇ ਟਿੱਪਣੀ ਕਰਨਾ ਮੇਰੇ ਲਈ ਕੁਝ ਜ਼ਿਆਦਾ ਹੋ ਗਿਆ, ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਭਾਵੁਕ ਹੋ ਕੇ ਪ੍ਰਤੀਕਿਰਿਆ ਦਿੱਤੀ।’

ਵਿਲ ਨੇ ਅੱਗੇ ਲਿਖਿਆ, ‘ਮੈਂ ਜਨਤਕ ਰੂਪ ਨਾਲ ਤੁਹਾਡੇ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਕ੍ਰਿਸ। ਮੈਂ ਆਪਣੀ ਹੱਦ ਪਾਰ ਕੀਤੀ ਤੇ ਮੈਂ ਗਲਤ ਸੀ। ਮੈਂ ਸ਼ਰਮਿੰਦਾ ਹਾਂ ਤੇ ਮੇਰੇ ਐਕਸ਼ਨ ਉਸ ਸ਼ਖ਼ਸ ਦੇ ਨਹੀਂ ਹਨ, ਜੋ ਮੈਂ ਬਣਨਾ ਚਾਹੁੰਦਾ ਹਾਂ। ਪਿਆਰ ਦੇ ਸਤਿਕਾਰ ਨਾਲ ਭਰੀ ਇਸ ਦੁਨੀਆ ’ਚ ਹਿੰਸਾ ਦੀ ਕੋਈ ਜਗ੍ਹਾ ਨਹੀਂ।’

 
 
 
 
 
 
 
 
 
 
 
 
 
 
 

A post shared by Will Smith (@willsmith)

ਅਖੀਰ ’ਚ ਵਿਲ ਨੇ ਲਿਖਿਆ, ‘ਮੈਂ ਅਕੈਡਮੀ ਕੋਲੋਂ ਵੀ ਮੁਆਫ਼ੀ ਮੰਗਣਾ ਚਾਹੁੰਦਾ ਹਾਂ, ਸ਼ੋਅ ਦੇ ਪ੍ਰੋਡਿਊਸਰ, ਇਵੈਂਟ ’ਚ ਆਏ ਸਾਰੇ ਲੋਕ ਤੇ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਤੋਂ, ਜੋ ਸ਼ੋਅ ਦੇਖ ਰਹੇ ਸਨ। ਮੈਂ ਵਿਲੀਅਮਜ਼ ਪਰਿਵਾਰ ਕੋਲੋਂ ਮੁਆਫ਼ੀ ਮੰਗਣਾ ਚਾਹਾਂਗਾ ਤੇ ਮੇਰੇ ਕਿੰਗ ਰਿਚਰਡਸ ਪਰਿਵਾਰ ਤੋਂ ਵੀ। ਮੈਨੂੰ ਬੇਹੱਦ ਅਫਸੋਸ ਹੈ ਕਿ ਮੇਰੇ ਵਿਵਹਾਰ ਨੇ ਇਕ ਸ਼ਾਨਦਾਰ ਚੱਲ ਰਹੇ ਸਫਰ ’ਚ ਦਾਗ ਛੱਡ ਦਿੱਤਾ।’ ਇਸ ਦੇ ਨਾਲ ਹੀ ਵਿਲ ਨੇ ਇਹ ਵੀ ਲਿਖਿਆ, ‘ਮੈਂ ਖ਼ੁਦ ’ਤੇ ਅਜੇ ਕੰਮ ਕਰ ਰਿਹਾ ਹਾਂ।’

ਵਿਲ ਸਮਿਥ ਦੇ ਇਸ ਮੁਆਫ਼ੀਨਾਮੇ ’ਤੇ ਅਜੇ ਕ੍ਰਿਸ ਰੌਕ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਉਂਝ ਖ਼ਬਰਾਂ ਮੁਤਾਬਕ ਕ੍ਰਿਸ ਨੇ ਵਿਲ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਤੇ ਨਾ ਹੀ ਉਹ ਕਰਵਾਉਣਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News