ਪੰਜਾਬੀ ਸੰਗੀਤ ਦਾ ਭਵਿੱਖ ਸਭ ਤੋਂ ਉੱਜਵਲ : ਵਿਵਿਨ ਸਚਦੇਵਾ

Tuesday, May 09, 2023 - 02:33 PM (IST)

ਪੰਜਾਬੀ ਸੰਗੀਤ ਦਾ ਭਵਿੱਖ ਸਭ ਤੋਂ ਉੱਜਵਲ : ਵਿਵਿਨ ਸਚਦੇਵਾ

ਮੁੰਬਈ (ਬਿਊਰੋ)– ਟੀ-ਸੀਰੀਜ਼ ਦੇ ਮਿਊਜ਼ਿਕ ਸੁਪਰਵਾਈਜ਼ਰ ਵਿਵਿਨ ਸਚਦੇਵਾ ਦਾ ਮੰਨਣਾ ਹੈ ਕਿ ਦੇਸ਼ ’ਚ ਵੱਖ-ਵੱਖ ਤਰ੍ਹਾਂ ਦੇ ਮਿਊਜ਼ਿਕ ਲਈ ਕਈ ਸੰਭਾਵਨਾਵਾਂ ਹਨ ਪਰ ਪੰਜਾਬੀ ਸੰਗੀਤ ਦਾ ਭਵਿੱਖ ਸਭ ਤੋਂ ਜ਼ਿਆਦਾ ਉੱਜਵਲ ਪ੍ਰਤੀਤ ਹੁੰਦਾ ਹੈ।

ਪੰਜਾਬ ਕੇਸਰੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਵਿਵਿਨ ਨੇ ਕਿਹਾ ਕਿ ਪੰਜਾਬੀ ਇਕ ਅਜਿਹੀ ਭਾਸ਼ਾ ਹੈ, ਜਿਸ ’ਚ ਗਾਇਕ ਹਰ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਸਕਦਾ ਹੈ ਤੇ ਇਸ ਭਾਸ਼ਾ ਦੇ ਸ਼ਬਦਾਂ ਨਾਲ ਸੰਗੀਤ ਦੀ ਕੰਪੋਜ਼ੀਸ਼ਨ ਬਾਖੂਬੀ ਫਿੱਟ ਬੈਠਦੀ ਹੈ। ਭਾਵੇਂ ਹੀ ਉਹ ਗੀਤ ਰੋਮਾਂਸ ਨਾਲ ਸਬੰਧਤ ਹੋਵੇ, ਧਾਰਮਿਕ ਹੋਵੇ ਜਾਂ ਪੌਪ।

ਦੇਸ਼ ਦੀ ਫ਼ਿਲਮ ਇੰਡਸਟਰੀ ’ਚ ਵੀ ਪੰਜਾਬੀ ਮਿਊਜ਼ਿਕ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਪੰਜਾਬੀ ਸੰਗੀਤ ਡਾਇਰੈਕਟਰ ਵੈਸਟਰਨ ਟਰੈਂਡ ਨੂੰ ਫਾਲੋਅ ਕਰਨ ਦੇ ਮਾਮਲੇ ’ਚ ਸਭ ਤੋਂ ਅੱਗੇ ਹਨ ਤੇ ਪੰਜਾਬੀ ਗੀਤਾਂ ’ਚ ਇਹ ਟਰੈਂਡ ਆਉਣ ਤੋਂ ਬਾਅਦ ਹੀ ਬਾਕੀ ਦੇਸ਼ਾਂ ’ਚ ਲਾਗੂ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਜ਼ਖ਼ਮੀ ਹੋਏ ਅਰਿਜੀਤ ਸਿੰਘ, ਮਹਿਲਾ ਪ੍ਰਸ਼ੰਸਕ ਨੇ ਕੀਤੀ ਬਦਤਮੀਜ਼ੀ

ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਯੂ. ਕੇ., ਯੂ. ਐੱਸ. ਏ., ਕੈਨੇਡਾ ਵਰਗੇ ਦੇਸ਼ਾਂ ’ਚ ਵਸੇ ਹੋਏ ਹਨ ਤੇ ਉਥੋਂ ਚੱਲ ਕੇ ਇਹ ਟਰੈਂਡ ਪਹੁੰਚਦਾ ਹੈ ਤੇ ਇਨ੍ਹਾਂ ਦੇਸ਼ਾਂ ’ਚ ਵਸਣ ਵਾਲੇ ਪੰਜਾਬੀ ਸੰਗੀਤਕਾਰ ਤੇ ਗਾਇਕ ਇਸ ਟਰੈਂਡ ਨੂੰ ਪੰਜਾਬ ’ਚ ਲੈ ਕੇ ਆਉਂਦੇ ਹਨ।

ਵਿਵਿਨ ਸਚਦੇਵਾ ਖ਼ੁਦ 2017 ਤੋਂ ਟੀ-ਸੀਰੀਜ਼ ਦੇ ਮਿਊਜ਼ਿਕ ਸੁਪਰਵਾਈਜ਼ਰ ਦੀ ਭੂਮਿਕਾ ਨਿਭਾਅ ਰਹੇ ਹਨ ਤੇ ਆਪਣੇ ਇਸ ਕਰੀਅਰ ਦੌਰਾਨ ਉਨ੍ਹਾਂ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਤਾਮਿਲ, ਤੇਲਗੂ, ਹਿੰਦੀ ਤੇ ਕਈ ਹੋਰ ਭਾਸ਼ਾਵਾਂ ’ਚ ਸੰਗੀਤ ’ਤੇ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਪੰਜਾਬੀ ਸੰਗੀਤ ਜ਼ਿਆਦਾ ਪਸੰਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਇੰਡਸਟਰੀ ਹੈ, ਜਿਥੇ ਮਹਾਮਾਰੀ ਦੌਰਾਨ ਵੀ ਮੰਦੀ ਨਹੀਂ ਆਈ ਕਿਉਂਕਿ ਸੰਗੀਤ ਦਿਲ ਨੂੰ ਸਕੂਨ ਦਿੰਦਾ ਹੈ ਤੇ ਮੁਸ਼ਕਿਲ ਸਮੇਂ ’ਚ ਵੀ ਇਨਸਾਨ ਸੰਗੀਤ ਨਾਲ ਜੁੜਿਆ ਰਹਿੰਦਾ ਹੈ।

ਇਸ ਲਈ ਦੇਸ਼ ’ਚ ਸੰਗੀਤ ਦਾ ਭਵਿੱਖ ਉੱਜਵਲ ਹੈ। ਗੀਤਾਂ ਦੀ ਕੰਪੋਜ਼ੀਸ਼ਨ ਦੀ ਤਕਨੀਕ, ਇਸ ਦੀ ਵੀਡੀਓ ਤੇ ਗੀਤ ਦੇ ਤੌਰ-ਤਰੀਕੇ ਬਦਲ ਸਕਦੇ ਹਨ ਪਰ ਇਸ ’ਚ ਲਗਾਤਾਰ ਸੁਧਾਰ ਜਾਰੀ ਰਹੇਗਾ ਤੇ ਦੇਸ਼ ਦੀ ਸੰਗੀਤ ਇੰਡਸਟਰੀ ਲਗਾਤਾਰ ਕਰੋੜਾਂ ਸੰਗੀਤ ਪ੍ਰੇਮੀਆਂ ਦੀ ਸੇਵਾ ਕਰਦੀ ਰਹੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News