ਦੂਜੇ ਸ਼ੁੱਕਰਵਾਰ ਨੂੰ ‘ਵਿਕਰਮ ਵੇਧਾ’ ਦੀ ਹਾਲਤ ਪਤਲੀ, ਕਮਾਏ ਸਿਰਫ ਇੰਨੇ ਕਰੋੜ
Saturday, Oct 08, 2022 - 06:12 PM (IST)
ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਵਿਕਰਮ ਵੇਧਾ’ 30 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਪੁਸ਼ਕਰ-ਗਾਇਤਰੀ ਨੇ ਕੀਤਾ ਹੈ। ਹੁਣ ਇਹ ਫ਼ਿਲਮ ਆਪਣੀ ਰਿਲੀਜ਼ ਦੇ 8ਵੇਂ ਦਿਨ ਬਾਕਸ ਆਫਿਸ ’ਤੇ ਕਮਜ਼ੋਰ ਹੋ ਗਈ ਹੈ। ਇਹ ਫ਼ਿਲਮ ਬਾਕਸ ਆਫਿਸ ’ਤੇ 100 ਕਰੋੜ ਰੁਪਏ ਦੀ ਕਮਾਈ ਕਰਨ ’ਚ ਸੰਘਰਸ਼ ਕਰ ਰਹੀ ਹੈ, ਜਦਕਿ ਇਸ ਫ਼ਿਲਮ ’ਚ ਰਿਤਿਕ ਰੌਸ਼ਨ ਤੋਂ ਇਲਾਵਾ ਸੈਫ ਅਲੀ ਖ਼ਾਨ ਵਰਗੇ ਦੋ ਵੱਡੇ ਕਲਾਕਾਰਾਂ ਦੀ ਅਹਿਮ ਭੂਮਿਕਾ ਸੀ।
ਇਹ ਖ਼ਬਰ ਵੀ ਪੜ੍ਹੋ : ‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’
ਜ਼ਿਕਰਯੋਗ ਹੈ ਕਿ ‘ਵਿਕਰਮ ਵੇਧਾ’ ਤਾਮਿਲ ਫ਼ਿਲਮ ਦੀ ਰੀਮੇਕ ਹੈ, ਜੋ 2017 ’ਚ ਇਸੇ ਨਾਂ ਨਾਲ ਬਣੀ ਸੀ। ਹੁਣ ਇਸ ਦਾ ਹਿੰਦੀ ਰੀਮੇਕ ਬਣਾਇਆ ਗਿਆ ਸੀ। ਰੀਮੇਕ ਨੂੰ ਚੰਗੇ ਰੀਵਿਊਜ਼ ਵੀ ਮਿਲੇ ਸਨ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਵੱਡੀ ਕਮਾਈ ਕਰਨ ’ਚ ਅਸਫਲ ਸਾਬਿਤ ਹੋ ਰਹੀ ਹੈ। ਫ਼ਿਲਮ ਜਿਵੇਂ-ਤਿਵੇਂ ਕਮਾਈ ਦੇ ਮਾਮਲੇ ’ਚ 50 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਹੁਣ ਦੂਜੇ ਹਫ਼ਤੇ ’ਚ ਫ਼ਿਲਮ ਦੀ ਕਮਾਈ ਹੋਰ ਡਿੱਗ ਗਈ ਹੈ।
‘ਵਿਕਰਮ ਵੇਧਾ’ ਨੇ ਦੂਜੇ ਸ਼ੁੱਕਰਵਾਰ ਨੂੰ ਢਾਈ ਕਰੋੜ ਰੁਪਏ ਕਮਾਏ ਹਨ। ਇਸ ਦੇ ਚਲਦਿਆਂ ਇਸ ਦੀ 8 ਦਿਨਾਂ ਦੀ ਕੁਲ ਕਮਾਈ ਲਗਭਗ 61.11 ਕਰੋੜ ਰੁਪਏ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਜੇ ਵੀਕੈਂਡ ’ਤੇ ਇਹ ਫ਼ਿਲਮ 6 ਤੋਂ 8 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।
‘ਵਿਕਰਮ ਵੇਧਾ’ ਫ਼ਿਲਮ ਨੂੰ ਮਣੀਰਤਨਮ ਦੀ ‘ਪੀ. ਐੱਸ. 1’ ਤੋਂ ਤਗੜਾ ਮੁਕਾਬਲਾ ਮਿਲ ਰਿਹਾ ਹੈ। ਉਥੇ ‘ਪੀ. ਐੱਸ. 1’ ਬਾਕਸ ਆਫਿਸ ’ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਇਹ ਪਹਿਲੀ ਵਾਰ ਹੈ, ਜਦੋਂ ਰਿਤਿਕ ਤੇ ਸੈਫ ਇਕੱਠੇ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਹ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ’ਚ ਅਸਫਲ ਸਾਬਿਤ ਹੋ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।