‘ਜੇ ਤੁਸੀਂ ਬੱਚਿਆਂ ''ਤੇ ਪੜ੍ਹਾਈ ਦਾ ਪ੍ਰੈਸ਼ਰ ਪਾਓਗੇ ਤਾਂ ਉਹ ਖ਼ੁਦ ਦਾ ਆਪਣਾ ਕੁਝ ਨਹੀਂ ਕਰ ਸਕਣਗੇ’

05/12/2023 1:37:00 PM

ਸਟੂਡੈਂਟ ਲਾਈਫ ਵਿਚ ਪੜ੍ਹਾਈ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇਕੋ-ਇਕ ਮਕਸਦ ਸਿਰਫ ਚੰਗੇ ਮਾਰਕਸ ਲਿਆਉਣਾ ਹੀ ਹੈ। ਪੜ੍ਹਾਈ ਦੇ ਇਸ ਪ੍ਰੈਸ਼ਰ ਨੂੰ ਪਾਪਾਰਾਵ ਬਿਆਲਾ ਆਪਣੀ ਅਗਲੀ ਫ਼ਿਲਮ  ‘ਮਿਊਜ਼ਿਕ ਸਕੂਲ’ ਜ਼ਰੀਏ ਘੱਟ ਕਰਨ ਆ ਰਹੇ ਹਨ। ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਪਾਪਾਰਾਵ ਇਸ ਫ਼ਿਲਮ  ਜ਼ਰੀਏ ਲੇਖਕ ਤੇ ਫ਼ਿਲਮ  ਨਿਰਦੇਸ਼ਕ ਦੇ ਰੂਪ ਵਿਚ ਡੈਬਿਊ ਕਰਨ ਜਾ ਰਹੇ ਹਨ। ਇਹ ਫ਼ਿਲਮ  12 ਮਈ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਵਿਚ ਸ਼੍ਰੇਯਾ ਸਰਨ ਤੇ ਸ਼ਰਮਨ ਜੋਸ਼ੀ ਦੇ ਨਾਲ ਸ਼ਾਨ ਤੇ ਪ੍ਰਕਾਸ਼ ਰਾਜ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫ਼ਿਲਮ  ਦੇ ਡਾਇਰੈਕਟਰ ਪਾਪਾਰਾਵ ਬਿਆਲਾ, ਸ਼ਰਮਨ ਜੋਸ਼ੀ ਤੇ ਸ਼੍ਰੇਯਾ ਸਰਨ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਦਰਸ਼ਕ ਤੁਹਾਨੂੰ ਇੰਨਾ ਪਸੰਦ ਕਰਦੇ ਹਨ ਪਰ ਤੁਸੀਂ ਇੰਨੀਆਂ ਘੱਟ ਫ਼ਿਲਮਾਂ ਕਿਉਂ ਕਰ ਰਹੇ ਹੋ?
ਮੈਂ ਪਿਛਲੇ ਡੇਢ ਸਾਲ ’ਚ 5-6 ਫ਼ਿਲਮਾਂ ਕਰ ਚੁੱਕਾ ਹਾਂ, ਜੋ ਆਉਣ ਵਾਲੇ ਸਮੇਂ ਵਿਚ ਰਿਲੀਜ਼ ਹੋਣ ਵਾਲੀਆਂ ਹਨ। ਇਕ ਸ਼ੋਅ ਵੀ ਹੈ ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਇਸ ਤੋਂ ਇਲਾਵਾ 3 ਫ਼ਿਲਮਾਂ ਹਨ, ਜਿਨ੍ਹਾਂ ਵਿਚ ਇਕ ਅੱਬਾਸ ਮਸਤਾਨ ਸਾਹਿਬ ਦੇ ਨਾਲ, ਇਕ ਉਮੇਸ਼ ਸ਼ੁਕਲਾ ਜੀ ਦੇ ਨਾਲ ਅਤੇ ਇਕ ਅਨੁਰਾਗ ਕਸ਼ਿਅਪ ਜੀ ਦੇ ਨਾਲ ਹੈ। ਇਹ ਫ਼ਿਲਮਾਂ ਜਲਦ ਹੀ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੀਆਂ।

ਇਸ ਫ਼ਿਲਮ  ਲਈ ਤੁਸੀਂ ਸਕ੍ਰਿਪਟ ਕਾਰਨ ਹਾਂ ਕੀਤੀ ਜਾਂ ਕੁਝ ਪਰਸਨਲ ਰੀਜ਼ਨ ਵੀ ਸਨ?
ਨਹੀਂ, ਪਰਸਨਲ ਰੀਜ਼ਨ ਨੂੰ ਮੈਂ ਕਦੇ ਪ੍ਰੋਫੈਸ਼ਨ ਵਿਚ ਨਹੀਂ ਲਿਆਉਂਦਾ। ਮੈਨੂੰ ਫ਼ਿਲਮ  ਦੀ ਸਕ੍ਰਿਪਟ ਬਹੁਤ ਚੰਗੀ ਲੱਗੀ ਸੀ। ਫਿਰ ਰਾਹੁਲ ਸਰ ਨੇ ਸਾਨੂੰ ਮਿਊਜ਼ਿਕਲੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਕਈ ਸਿਚੁਏਸ਼ਨਜ਼ ਵਿਚ ਡਾਇਲਾਗ ਵੀ ਮਿਊਜ਼ਿਕਲੀ ਬੋਲੇ ਗਏ ਹਨ। ਸਭ ਕੁਝ ਬਹੁਤ ਜ਼ਿਆਦਾ ਮਜ਼ੇਦਾਰ ਰਿਹਾ। ਇਸ ਤੋਂ ਇਲਾਵਾ ‘ਸਾਊਂਡ ਆਫ ਮਿਊਜ਼ਿਕ’ ਦੇ ਗਾਣਿਆਂ ਨੂੰ ਵੀ ਸ਼ਾਮਲ ਗਿਆ ਹੈ, ਜਿਸ ਨੂੰ ਤੁਸੀਂ ਸਾਰੇ ਫ਼ਿਲਮ  ਵਿਚ ਕਾਫ਼ੀ ਪਸੰਦ ਕਰੋਗੇ।

ਫ਼ਿਲਮ  ਵਿਚ ਤੁਸੀਂ ਡਰਾਮਾ ਟੀਚਰ ਦੇ ਕਿਰਦਾਰ ਵਿਚ ਹੋ ਤਾਂ ਜਦੋਂ ਤੁਸੀਂ ਖੁਦ ਸਟੂਡੈਂਟ ਸੀ ਤਾਂ ਤੁਹਾਡੇ ਕਿਹੜੇ ਟੀਚਰ ਫੇਵਰੇਟ ਸਨ? ਇਸ ਦੇ ਨਾਲ ਹੀ ਤੁਹਾਨੂੰ ਸਭ ਤੋਂ ਜ਼ਿਆਦਾ ਕਿਸ ਨੇ ਕੁੱਟਿਆ?
ਸ਼ਰਮਨ ਮੁਸਕੁਰਾਉਂਦੇ ਹੋਏ ਕਹਿੰਦੇ ਹਨ ਕਿ ਕੁੱਟਣ ਤੋਂ ਸ਼ੁਰੂ ਕਰਦੇ ਹਾਂ। ਮੈਂ ਮਨੇਚਕਜੀ ਕੂਪਰ ਸਕੂਲ ਤੋਂ ਪੜ੍ਹਿਆ ਹਾਂ ਜੋ ਮੁੰਬਈ ਵਿਚ ਜੁਹੂ ਤਾਰਾ ਰੋਡ ’ਤੇ ਹੈ। ਉੱਥੇ ਮੇਰੀ ਟੀਚਰ ਇਕ ਬਹੁਤ ਸੋਹਣੀ ਪੰਜਾਬਣ ਔਰਤ ਸੀ। ਇਕ ਵਾਰ ਉਹ ਕਲਾਸ ਦੇ ਬਾਹਰ ਖੜ੍ਹੀ ਹੋ ਕੇ ਸਭ ਕੁਝ ਵੇਖ ਰਹੀ ਸੀ। ਬਾਹਰ ਕੁਝ ਬੱਚੇ ਦੌੜ ਰਹੇ ਸਨ। ਮੈਂ ਤਾਂ ਸਕੂਲ ਕੋਰੀਡੋਰ ਵਿਚ ਤੁਰ ਰਿਹਾ ਸੀ। ਉਹ ਕਲਾਸ ਰੂਮ ਵਿਚ ਕੁਝ ਹੋਰ ਬੱਚਿਆਂ ਨਾਲ ਵੀ ਨਾਰਾਜ਼ ਸੀ। ਉਸ ਚੱਕਰ ਵਿਚ ਉਸ ਨੇ ਮੈਨੂੰ ਫੜਿਆ ਅਤੇ ਥੱਪਡ਼ ਮਾਰ ਦਿੱਤਾ। ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਘਰ ਆ ਕੇ ਮੰਮੀ ਨੂੰ ਦੱਸਿਆ ਤਾਂ ਉਹ ਬਹੁਤ ਗੁੱਸੇ ਹੋਈ। ਉਹ ਸਕੂਲ ਆਉਣਾ ਚਾਹੁੰਦੀ ਸੀ ਪਰ ਮੈਂ ਮੰਮੀ ਨੂੰ ਕਿਹਾ ਕਿ ਪਲੀਜ਼ ਨਾ ਆਓ, ਨਹੀਂ ਤਾਂ ਮਾਮਲਾ ਹੋਰ ਖ਼ਰਾਬ ਹੋ ਜਾਵੇਗਾ।

ਤੁਸੀਂ ਆਪਣੇ ਸਕੂਲ ਟੀਚਰ ਨਾਲ ਜੁੜੀਆਂ ਕੁਝ ਚੀਜ਼ਾਂ ਨੂੰ ਆਪਣੇ ਕਿਰਦਾਰ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ?
ਮੈਂ ਕਿਸੇ ਇਕ ਤੋਂ ਇੰਸਪਾਇਰਡ ਨਹੀਂ ਹੋਇਆ, ਜੇ ਮੇਰੇ ਕਿਰਦਾਰ ਵਿਚ ਕਿਸੇ ਦੀ ਝਲਕ ਵਿਖਾਈ ਵੀ ਦਿੱਤੀ ਹੋਵੇਗੀ ਤਾਂ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਪਰ ਸਕੂਲ ਟੀਚਰਜ਼ ਦਾ ਮੇਰੇ ਕਿਰਦਾਰ ਵਿਚ ਕੋਈ ਸਕੋਪ ਨਹੀਂ ਕਿਉਂਕਿ ਫ਼ਿਲਮ  ਦੀ ਕਹਾਣੀ ਟੀਚਰ ਨਾਲੋਂ ਜ਼ਿਆਦਾ ਮਿਊਜ਼ਿਕ ਤੇ ਸਟੂਡੈਂਟਸ ’ਤੇ ਹੈ। ‘ਸਾਊਂਡ ਆਫ ਮਿਊਜ਼ਿਕ ’ਚੋਂ ਅਸੀਂ ਗਾਣੇ ਲਏ ਹਨ ਪਰ ਕਹਾਣੀ ਪੂਰੀ ਤਰ੍ਹਾਂ ਵੱਖਰੀ ਹੈ।

ਤੁਹਾਡੀ ਫੈਮਿਲੀ ਵਿਚ ਕੋਈ ਟੀਚਰ ਸੀ ਤਾਂ ਕੋਈ ਸਾਇੰਟਿਸਟ, ਇਸ ਨਾਲ ਤੁਹਾਡੇ ’ਤੇ ਪੜ੍ਹਾਈ ਦਾ ਕਿੰਨਾ ਪ੍ਰੈਸ਼ਰ ਰਹਿੰਦਾ ਸੀ?
ਕਾਫ਼ੀ ਸਾਲਾਂ ਤਕ ਨੰਬਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਰਿਹਾ ਪਰ 12ਵੀਂ ’ਚ ਮੇਰੇ ਕਾਫ਼ੀ ਚੰਗੇ ਮਾਰਕਸ ਆ ਗਏ ਸਨ। ਕੋਈ 85 ਫ਼ੀਸਦੀ ਰਹੇ ਹੋਣਗੇ, ਜਿਸ ਨਾਲ ਘਰ ਵਿਚ ਪਾਰਟੀ ਵੀ ਰੱਖੀ ਗਈ। ਮੇਰੀ ਪੜ੍ਹਾਈ ਵਿਚ ਫੈਮਿਲੀ ਨੇ ਮੈਨੂੰ ਕਾਫ਼ੀ ਸੁਪੋਰਟ ਕੀਤਾ। ਇਸ ਚੀਜ਼ ਵਿਚ ਮੈਂ ਕਾਫ਼ੀ ਲੱਕੀ ਹਾਂ। ਮੇਰੇ ਉੱਪਰ ਨੰਬਰਾਂ ਦਾ ਪ੍ਰੈਸ਼ਰ ਨਹੀਂ ਰਿਹਾ।

ਜਦੋਂ ਤੁਹਾਨੂੰ ਪਤਾ ਲੱਗਾ ਕਿ ‘ਸਾਊਂਡ ਆਫ ਮਿਊਜ਼ਿਕ’ ਦੇ ਗਾਣੇ ਇਸ ਫ਼ਿਲਮ  ਵਿਚ ਲਏ ਜਾਣੇ ਹਨ ਤਾਂ ਕੀ ਤੁਸੀਂ ਇਹ ਫ਼ਿਲਮ  ਵੇਖੀ ਜਾਂ ਤੁਹਾਨੂੰ ਲੱਗਾ ਕਿ ਇਸ ਵਿਚ ਕੁਝ ਵੱਖਰਾ ਰੱਖਿਆ ਜਾਵੇਗਾ?
ਮੈਂ ਬਹੁਤ ਕਨਫਿਊਜ਼ ਸੀ ਕਿ ਫ਼ਿਲਮ  ਦੇਖਾਂ ਜਾਂ ਨਾ ਕਿਉਂਕਿ ਜਦੋਂ ਮੈਂ ਪਹਿਲੀ ਵਾਰ ‘ਸਾਊਂਡ ਆਫ ਮਿਊਜ਼ਿਕ ਫ਼ਿਲਮ  ਵੇਖੀ ਤਾਂ ਇਹ ਮੇਰੀ ਪਹਿਲੀ ਇੰਗਲਿਸ਼ ਮੂਵੀ ਸੀ। ਇਸ ਫ਼ਿਲਮ  ਦੇ ਗਾਣੇ ਮੈਂ ਇੰਨੀ ਵਾਰ ਸੁਣੇ ਕਿ ਉਹ ਮੇਰੀ ਲਾਈਫ ਦਾ ਹਿੱਸਾ ਬਣ ਗਏ। ਜਦੋਂ ਮੈਨੂੰ ਸਰ ਨੇ ਦੱਸਿਆ ਕਿ ਉਹ ਗਾਣੇ ਅਸੀਂ ਸ਼ੂਟ ਕਰਾਂਗੇ ਅਤੇ ਇਸ ਦੇ ਨਾਲ ਜਦੋਂ ਮੈਂ ਆਪਣੇ ਕਰੈਕਟਰ ਬਾਰੇ ਪੜ੍ਹਿਆ ਤਾਂ ਮੈਂ ਫ਼ਿਲਮ  ਨਹੀਂ ਵੇਖੀ। ਫਿਰ ਰਿਹਰਸਲ ਵੇਲੇ ਮੈਂ ਫ਼ਿਲਮ  ਵੇਖੀ ਕਿ ਉਸ ਸਮੇਂ ਉਨ੍ਹਾਂ ਨੇ ਇਸ ਨੂੰ ਕਿਵੇਂ ਸ਼ੂਟ ਕੀਤਾ ਹੋਵੇਗਾ, ਕਿਵੇਂ ਸਭ ਕੁਝ ਹੋਇਆ ਹੋਵੇਗਾ, ਜਿਸ ਤੋਂ ਮੈਂ ਬਹੁਤ ਇੰਸਪਾਇਰ ਹੋਈ। ਮੈਂ ਉਨ੍ਹਾਂ ਦੀਆਂ ਸਾਰੀਆਂ ਇੰਟਰਵਿਊ ਸੁਣੀਆਂ, ਜਿਸ ਨੇ ਫ਼ਿਲਮ  ਦੀ ਸ਼ੂਟਿੰਗ ਵਿਚ ਮੇਰੀ ਕਾਫ਼ੀ ਹੈਲਪ ਕੀਤੀ।

ਤੁਹਾਡੇ ਮੰਮੀ ਇਕ ਟੀਚਰ ਹਨ ਤਾਂ ਤੁਸੀਂ ਉਨ੍ਹਾਂ ਕੋਲੋਂ ਕੁਝ ਟਿਪਸ ਲਏ ਜਾਂ ਨਹੀਂ?
ਨਹੀਂ, ਮੈਂ ਫ਼ਿਲਮ  ਵਿਚ ਸਿਰਫ ਆਪਣੇ ਕਿਰਦਾਰ ਦੇ ਹਿਸਾਬ ਨਾਲ ਕੰਮ ਕੀਤਾ ਹੈ ਪਰ ਮੇਰੀ ਮਾਂ ਬਹੁਤ ਹੀ ਲਵਿੰਗ ਟੀਚਰ ਹੋਇਆ ਕਰਦੀ ਸੀ। ਅਜੇ ਵੀ ਉਨ੍ਹਾਂ ਨੂੰ ਸਟੂਡੈਂਟ ਲੈਟਰ ਲਿਖਦੇ ਹਨ। ਟੀਚਰ ਬਿਹਤਰੀਨ ਪ੍ਰੋਫੈਸ਼ਨ ਹੈ, ਜਿਸ ਵਿਚ ਲਾਈਫ ਨੂੰ ਸ਼ੇਪ ਦੇਣ ਦਾ ਕੰਮ ਕੀਤਾ ਜਾਂਦਾ ਹੈ।

ਬਚਪਨ ’ਚ ਤੁਹਾਡੇ ਮਾਤਾ-ਪਿਤਾ ਨੇ ਤੁਹਾਨੂੰ ਕਿਹਾ ਸੀ ਕਿ ਪੜ੍ਹ ਲੈ ਬੇਟਾ, ਇਹ ਮਿਊਜ਼ਿਕ ਵਗੈਰਾ ਕੰਮ ਨਹੀਂ ਆਏਗਾ?
ਨਹੀਂ, ਸਾਡੇ ਜ਼ਮਾਨੇ ਵਿਚ ਪੜ੍ਹਾਈ ਦਾ ਇੰਨਾ ਪ੍ਰੈਸ਼ਰ ਨਹੀਂ ਸੀ। ਮੈਂ ਆਪਣਾ ਬਚਪਨ ਖੂਬ ਇੰਜੁਆਏ ਕੀਤਾ ਹੈ। ਸਵੇਰੇ ਸਕੂਲ ਜਾਂਦੇ ਸੀ, ਫਿਰ ਪੂਰਾ ਦਿਨ ਖੇਡਣਾ ਹੀ ਖੇਡਣਾ ਹੁੰਦਾ ਸੀ। ਉਸ ਤੋਂ ਬਾਅਦ ਪੜ੍ਹਾਈ ਦੀ ਕੋਈ ਗੱਲ ਨਹੀਂ ਹੁੰਦੀ ਸੀ। ਮੈਨੂੰ ਤਾਂ ਇੰਜੀਨਿਅਰਿੰਗ ਵਿਚ ਵੀ ਸੀਟ ਮਿਲੀ ਸੀ ਪਰ ਮੈਂ ਖੁਦ ਹੀ ਛੱਡ ਦਿੱਤੀ। ਮੇਰੇ ਪਾਪਾ ਨੇ ਮੈਨੂੰ ਉਸ ਸਮੇਂ ਵੀ ਕੁਝ ਨਹੀਂ ਕਿਹਾ। ਫਿਰ ਅੱਗੇ ਜਾ ਕੇ ਮੈਂ ਆਈ. ਏ. ਐੱਸ. ਬਣ ਗਿਆ। ਜੇ ਤੁਸੀਂ ਪੜ੍ਹਾਈ ਦਾ ਸਿੱਧਾ ਪ੍ਰੈਸ਼ਰ ਬੱਚਿਆਂ ਉੱਪਰ ਪਾਓਗੇ ਤਾਂ ਉਹ ਖੁਦ ਦਾ ਆਪਣਾ ਕੁਝ ਨਹੀਂ ਕਰ ਸਕਣਗੇ। ਪਤਾ ਨਹੀਂ ਇਸ ਐਜੂਕੇਸ਼ਨ ਸਿਸਟਮ ਵਿਚ ਕੀ ਹੈ ਕਿ ਮਾਰਕਸ ਦੀ ਰੇਸ ਵਿਚ ਬੱਚਿਆਂ ਦਾ ਪੂਰਾ ਬਚਪਨ ਹੀ ਖਤਮ ਹੋ ਜਾਂਦਾ ਹੈ। ਇਸ ਫ਼ਿਲਮ  ਦੇ ਮਾਧਿਅਮ ਰਾਹੀਂ ਸਾਡਾ ਮਕਸਦ ਇਸ ਗੱਲ ਨੂੰ ਸਮਝਾਉਣਾ ਹੈ।

ਤੁਸੀਂ ਆਪਣੀ ਫ਼ਿਲਮ  ਲਈ ‘ਸਾਊਂਡ ਆਫ ਮਿਊਜ਼ਿਕ’ ਫ਼ਿਲਮ  ਦਾ ਮਿਊਜ਼ਿਕ ਹੀ ਕਿਉਂ ਚੁਣਿਆ?
ਜਦੋਂ ਅਸੀਂ ਪਹਿਲੀ ਵਾਰ ਫ਼ਿਲਮ  ਦੇਖਣ ਗਏ ਸੀ ਤਾਂ ਕੋਈ ਹੋਰ ਫ਼ਿਲਮ  ਦੇਖਣ ਗਏ ਸੀ ਪਰ ‘ਸਾਊਂਡ ਆਫ ਮਿਊਜ਼ਿਕ’ ਅਸੀਂ ਵੇਖੀ। ਬਚਪਨ ਵਿਚ ਵੀ ਜਦੋਂ ਅਸੀਂ ਰਾਮਾਇਣ, ਮਹਾਭਾਰਤ ਸੁਣਦੇ ਸੀ ਤਾਂ ਇਹ ਗੀਤ ਦੇ ਮਾਧਿਅਮ ਰਾਹੀਂ ਪਲੇਅ ਹੁੰਦੇ ਸਨ। ਇਹ ਦੋਵੇਂ ਐਕਸਪੀਰੀਐਂਸ ਮੈਨੂੰ ਇਸ ਫ਼ਿਲਮ  ਲਈ ਬਹੁਤ ਕੰਮ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News