ਪੰਜ ਪੰਨਿਆਂ ਦੇ ਸੁਸਾਈਡ ਨੋਟ 'ਚ ਵੈਸ਼ਾਲੀ ਟੱਕਰ ਦੀ ਮੌਤ ਦਾ ਖ਼ੁਲਾਸਾ, ਗੁਆਂਢੀ ਨੂੰ ਪੁਲਸ ਨੇ ਲਿਆ ਹਿਰਾਸਤ 'ਚ
Monday, Oct 17, 2022 - 11:41 AM (IST)
ਇੰਦੌਰ (ਬਿਊਰੋ) - ਟੀ. ਵੀ. ਅਦਾਕਾਰਾ ਵੈਸ਼ਾਲੀ ਟੱਕਰ ਦੀ ਖ਼ੁਦਕੁਸ਼ੀ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। 29 ਸਾਲਾ ਵੈਸ਼ਾਲੀ ਟੱਕਰ ਦੀ ਲਾਸ਼ ਇੰਦੌਰ 'ਚ ਉਸ ਦੇ ਘਰ 'ਚ ਲਟਕਦੀ ਮਿਲੀ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸਮੇਤ ਕਈ ਟੀ. ਵੀ. ਸੀਰੀਅਲਾਂ 'ਚ ਕੰਮ ਕਰ ਚੁੱਕੀ ਵੈਸ਼ਾਲੀ ਟੱਕਰ ਨੇ ਇੰਦੌਰ 'ਚ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਵੈਸ਼ਾਲੀ ਨੇੜੇ ਇਕ ਡਾਇਰੀ 'ਚ ਪੰਜ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵੱਡਾ ਖ਼ੁਲਾਸਾ ਕੀਤਾ ਹੈ।
ਗੁਆਂਢੀ ਕਰਦਾ ਸੀ ਸਰੀਰਕ ਸ਼ੋਸ਼ਣ
ਇਸ 'ਚ ਲਿਖਿਆ ਹੈ ਕਿ ਗੁਆਂਢ 'ਚ ਰਹਿਣ ਵਾਲਾ ਰਾਹੁਲ ਨਵਲਾਨੀ ਉਸ ਦਾ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕਰਦਾ ਸੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ। ਅਖੀਰ 'ਚ ਉਸ ਨੇ ‘Im Quiet’ ਲਿਖਿਆ। ਰਾਹੁਲ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਸ ਨੇ ਰਾਹੁਲ ਅਤੇ ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਟੱਕਰ ਦੀ ਮੰਗਣੀ ਹੋ ਗਈ ਸੀ ਤੇ ਕੁਝ ਹੀ ਦਿਨਾਂ 'ਚ ਉਸ ਦਾ ਵਿਆਹ ਹੋਣ ਵਾਲਾ ਸੀ। ਰਾਹੁਲ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ, ਇਸ ਲਈ ਉਹ ਉਸ 'ਤੇ ਤਸ਼ੱਦਦ ਕਰ ਰਿਹਾ ਸੀ। ਇਸ ਦੌਰਾਨ ਵੈਸ਼ਾਲੀ ਦੀ ਮੰਗਣੀ ਵੀ ਟੁੱਟ ਗਈ, ਜਿਸ ਕਾਰਨ ਉਹ ਕਾਫ਼ੀ ਦੁਖੀ ਸੀ।
ਦਸੰਬਰ 'ਚ ਹੋਣਾ ਸੀ ਵਿਆਹ
ਸਹਾਇਕ ਪੁਲਸ ਕਮਿਸ਼ਨਰ ਮੋਤੀ ਉਰ ਰਹਿਮਾਨ ਨੇ ਦੱਸਿਆ ਕਿ ਰਾਹੁਲ ਵੈਸ਼ਾਲੀ ਦਾ ਗੁਆਂਢੀ ਸੀ ਅਤੇ ਉਹ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਤੰਗ ਆ ਕੇ ਵੈਸ਼ਾਲੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫ਼ੈਸਲਾ ਕਰ ਲਿਆ। ਵੈਸ਼ਾਲੀ ਦਸੰਬਰ 'ਚ ਕਿਸੇ ਹੋਰ ਨਾਲ ਵਿਆਹ ਕਰਨ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਇਹ ਵੀ ਕਿਹਾ ਕਿ ਵੈਸ਼ਾਲੀ ਦੇ ਇਲੈਕਟ੍ਰਾਨਿਕ ਗੈਜੇਟਸ ਅਤੇ ਡਾਇਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਦੱਸ ਦੇਈਏ ਕਿ ਟੀਵੀ ਅਦਾਕਾਰਾ ਵੈਸ਼ਾਲੀ ਟੱਕਰ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਮਿਲੀ ਹੈ। ਅਦਾਕਾਰਾ ਵੈਸ਼ਾਲੀ ਮੱਧ ਪ੍ਰਦੇਸ਼ ਦੇ ਇੰਦੌਰ 'ਚ ਰਹਿ ਰਹੀ ਸੀ, ਜਿੱਥੇ ਉਸ ਨੇ ਖੁਦਕੁਸ਼ੀ ਕਰ ਲਈ।
'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਵੈਸ਼ਾਲੀ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਕੀਤੀ ਸੀ। ਇਸ ਤੋਂ ਬਾਅਦ 'ਸਸੁਰਾਲ' 'ਸਿਮਰ ਕਾ' 'ਚ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਈ, ਜਿਸ ਕਾਰਨ ਉਹ ਦਰਸ਼ਕਾਂ ਦੀਆਂ ਨਜ਼ਰਾਂ 'ਚ ਆ ਗਈ। ਉਹ 'ਬਿੱਗ ਬੌਸ' ਦੀ ਸਾਬਕਾ ਪ੍ਰਤੀਯੋਗੀ ਵੀ ਰਹਿ ਚੁੱਕੀ ਹੈ। ਵੈਸ਼ਾਲੀ 'ਬਿੱਗ ਬੌਸ' ਦੇ 11ਵੇਂ ਸੀਜ਼ਨ 'ਚ ਨਜ਼ਰ ਆਈ ਸੀ। ਵੈਸ਼ਾਲੀ ਦੀ ਮੌਤ 16 ਅਕਤੂਬਰ ਐਤਵਾਰ ਨੂੰ ਦੁਪਹਿਰ ਕਰੀਬ 12:30 ਵਜੇ ਹੋਈ ਸੀ।
ਵੈਸ਼ਾਲੀ ਦੇ ਪ੍ਰਸਿੱਧ ਕਿਰਾਦਾਰ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਸੰਜਨਾ, 'ਸਸੁਰਾਲ ਸਿਮਰ ਕਾ' 'ਚ ਅੰਜਲੀ ਭਾਰਦਵਾਜ, 'ਸੁਪਰ ਸਿਸਟਰਸ' 'ਚ ਸ਼ਿਵਾਨੀ ਸ਼ਰਮਾ, 'ਵਿਸ਼ ਜਾਂ ਅੰਮ੍ਰਿਤ' 'ਚ ਨੇਤਰ ਸਿੰਘ ਰਾਠੌਰ, 'ਮਨਮੋਹਿਨੀ 2' 'ਚ ਅਨੰਨਿਆ ਮਿਸ਼ਰਾ, 'ਯੇ ਹੈ ਆਸ਼ਿਕੀ' 'ਚ ਵਰਿੰਦਾ, 'ਰਕਸ਼ਾਬੰਧਨ' 'ਚ ਕਨਕ ਸਿੰਘ ਠਾਕੁਰ।