ਦੁਖਦਾਇਕ ਖ਼ਬਰ: ਅਦਾਕਾਰ ਵਿਵੇਕ ਦਾ ਹੋਇਆ ਦਿਹਾਂਤ, 2 ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ
Saturday, Apr 17, 2021 - 10:03 AM (IST)
ਮੁੰਬਈ: ਕੋਰੋਨਾ ਵਾਇਰਸ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਖ਼ਤਰਨਾਕ ਬੀਮਾਰੀ ਦੀ ਲਪੇਟ ’ਚ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਆ ਰਹੇ ਹਨ। ਹਾਲ ਹੀ ’ਚ ਖ਼ਬਰ ਆਈ ਹੈ ਕਿ ਮਸ਼ਹੂਰ ਤਮਿਲ ਅਦਾਕਾਰ ਵਿਵੇਕ ਦਾ ਚੇਨਈ ਦੇ ਇਕ ਹਸਪਤਾਲ ’ਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ’ਚ ਦੱਸਿਆ ਗਿਆ ਕਿ ਤੜਕਸਾਰ ਸਵੇਰੇ 4.35 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸੀਨੇ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਚੇਨਈ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਹ 59 ਸਾਲ ਦੇ ਸਨ।
ਦੱਸ ਦੇਈਏ ਕਿ ਵਿਵੇਕ ਨੂੰ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ 100 ਫੀਸਦੀ ਬਲਾਕੇਜ਼ ਦੇ ਕਾਰਨ ਹਾਰਟ ਅਟੈਕ ਹੋਇਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਉਹ ਬੇਹੋਸ਼ ਹੋ ਗਏ ਸਨ। ਲਿਹਾਜ਼ਾ ਡਾਕਟਰਾਂ ਨੇ ਉਨ੍ਹਾਂ ਨੂੰ ਐਕਸਟਰਾ ਕਾਰਪੋਰੇਲ ਮੇਂਬ੍ਰੇਨ ਆਕਸੀਜਨੇਸ਼ਨ (ਈ.ਸੀ.ਐੱਮ.ਓ.) ’ਤੇ ਰੱਖਿਆ ਸੀ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਅਦਾਕਾਰ ਨੂੰ ਬਚਾਇਆ ਨਹੀਂ ਜਾ ਸਕਿਆ।
ਵਿਵੇਕ ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰ ਰਹੇ ਹਨ।
ਵੀਰਵਾਰ ਨੂੰ ਲਗਵਾਈ ਸੀ ਕੋਰੋਨਾ ਵੈਕਸੀਨ
ਦੱਸ ਦਈਏ ਕਿ 15 ਅਪ੍ਰੈਲ ਨੂੰ ਅਦਾਕਾਰ ਨੇ ਕੋਰੋਨਾ ਵੈਕਸੀਨ ਲਗਵਾਈ ਸੀ। ਵਿਵੇਕ ਆਪਣੇ ਦੋਸਤ ਨਾਲ Omandurar ਸਰਕਾਰੀ ਹਸਪਤਾਲ ’ਚ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੈਣ ਲਈ ਗਏ ਸਨ। ਇਸ ਤੋਂ ਬਾਅਦ ਉਸ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਸੀ ਅਤੇ ਕੋਵਿਡ ਵੈਕਸੀਨ ਲਗਵਾਉਣ ਲਈ ਪ੍ਰਾਈਵੇਟ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ਨੂੰ ਪਹਿਲ ਦੇਣ ਲਈ ਕਿਹਾ ਸੀ।