ਯੋ-ਯੋ ਹਨੀ ਸਿੰਘ ਨੇ ਇਨ੍ਹਾਂ ਨਾਮਵਰ ਸ਼ਖਸੀਅਤਾਂ ਨੂੰ ਦੱਸਿਆ ਆਪਣਾ ਰੋਲ ਮਾਡਲ, SINGERS ਨੂੰ ਕਿਹਾ ''ਸਵੀਟ ਡਿਸ਼''
Saturday, Apr 30, 2016 - 09:09 AM (IST)

ਜਲੰਧਰ : ਪ੍ਰਸਿੱਧ ਗਾਇਕ, ਰੈਪ ਸਿੰਗਰ ਅਤੇ ਯੋ ਯੋ ਦੇ ਨਾਂ ਨਾਲ ਮਸ਼ਹੂਰ ਹਨੀ ਸਿੰਘ ਨੇ ਮੰਨਿਆ ਹੈ ਕਿ ਐਕਟਿੰਗ ਕਰਨਾ ਗਾਇਕੀ ਨਾਲੋਂ ਕਿਤੇ ਮੁਸ਼ਕਿਲ ਹੈ ਕਿਉਂਕਿ ਐਕਟਿੰਗ ਵਿਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਅਤੇ ਡਾਇਲਾਗ ਯਾਦ ਰੱਖਣੇ ਪੈਂਦੇ ਹਨ, ਫਿਰ ਵੀ ਪੀ. ਟੀ. ਸੀ. ਵਲੋਂ ਤਿਆਰ ਫਿਲਮ ''ਜ਼ੋਰਾਵਰ'' ਵਿਚ ਅਦਾਕਾਰੀ ਕਰਕੇ ਉਨ੍ਹਾਂ ਨੂੰ ਕਾਫੀ ਮਜ਼ਾ ਆਇਆ ਕਿਉਂਕਿ ਫਿਲਮ ਦੀ ਸਕ੍ਰਿਪਟ ਜਿਥੇ ਸ਼ਾਨਦਾਰ ਹੈ, ਉਥੇ ਹੀ ਫਿਲਮ ''ਚ ਸੀਰੀਅਸਨੈੱਸ, ਐਕਸ਼ਨ ਅਤੇ ਰੋਮਾਂਚ ਆਦਿ ਦਾ ਪੂਰਾ ਬੋਲਬਾਲਾ ਹੈ, ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਏਗਾ।
ਵਿਸ਼ੇਸ਼ ਇੰਟਰਵਿਊ ਵਿਚ ਯੋ ਯੋ ਹਨੀ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਉਨ੍ਹਾਂ ਆਪਣੀ ਫਿੱਟਨੈੱਸ ਲਈ 8 ਕਿਲੋ ਵਜ਼ਨ ਵਧਾਇਆ, ਜਿਸ ਦਾ ਲਾਭ ਉਨ੍ਹਾਂ ਨੂੰ ''ਜ਼ੋਰਾਵਰ'' ਫਿਲਮ ਵਿਚ ਵੀ ਮਿਲਿਆ ਕਿਉਂਕਿ ਫਿਲਮ ਦੇ ਮੇਨ ਕਿਰਦਾਰ ''ਚ ਉਨ੍ਹਾਂ ਦੀ ਫਿੱਟਨੈੱਸ ਜਚਦੀ ਹੈ। ਹਨੀ ਸਿੰਘ ਨੇ ਕਿਹਾ ਕਿ ਬਾਲੀਵੁੱਡ ਵਿਚ ਪੰਜਾਬੀ ਭਾਸ਼ਾ, ਗਾਇਕੀ ਅਤੇ ਸੱਭਿਆਚਾਰ ਦਾ ਦਰਸ਼ਕਾਂ ''ਚ ਬੋਲਬਾਲਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਧੇਰੇ ਪੰਜਾਬੀ ਗਾਇਕ ਐਕਟਿੰਗ ਦੇ ਖੇਤਰ ਵਿਚ ਆ ਰਹੇ ਹਨ ਤਾਂ ਹਨੀ ਸਿੰਘ ਦਾ ਕਹਿਣਾ ਸੀ ਕਿ ਜੇਕਰ ਖਾਣੇ ਦੇ ਨਾਲ ਸਵੀਟ ਡਿਸ਼ ਵੀ ਮਿਲੇ ਤਾਂ ਕੌਣ ਮਨ੍ਹਾ ਕਰਦਾ ਹੈ। ਪੁੱਛੇ ਜਾਣ ''ਤੇ ਉਨ੍ਹਾਂ ਅਮਿਤਾਭ ਬੱਚਨ ਨੂੰ ਹਿੰਦੀ ਅਤੇ ਗੁਰਦਾਸ ਮਾਨ ਨੂੰ ਪੰਜਾਬੀ ਫਿਲਮਾਂ ''ਚ ਆਪਣਾ ਰੋਲ ਮਾਡਲ ਦੱਸਿਆ।