ਕਦੀ ਦਿਨ ਦੇ 35 ਰੁਪਏ ਕਮਾਉਂਦਾ ਸੀ ਇਹ ਡਾਇਰੈਕਟਰ, ਅੱਜ ਕਰ ਰਿਹਾ ਕਰੋੜਾਂ ਦੀ ਕਮਾਈ
Friday, Mar 14, 2025 - 05:51 PM (IST)

ਐਂਟਰਟੇਨਮੈਂਟ ਡੈਸਕ - ਹੁਣ ਤੱਕ ਤੁਸੀਂ ਬਹੁਤ ਸਾਰੇ ਅਦਾਕਾਰਾਂ ਦੇ ਸੰਘਰਸ਼ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਡੇ ਲਈ ਬੀ-ਟਾਊਨ ਦੇ ਇਕ ਸਟਾਰ ਫਿਲਮ ਨਿਰਮਾਤਾ ਦੀ ਕਹਾਣੀ ਲੈ ਕੇ ਆਏ ਹਾਂ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਉਸਦੇ ਪ੍ਰਸ਼ੰਸਕ ਬਣ ਜਾਓਗੇ। ਦੱਸ ਦਈਏ ਕਿ ਅਸੀਂ ਮਸ਼ਹੂਰ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਬਾਰੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਐਕਸ਼ਨ ਫਿਲਮਾਂ ਦਿੱਤੀਆਂ ਹਨ। ਜਿਸ ਨੇ ਇਕ ਸਖ਼ਤ ਸੰਘਰਸ਼ ਤੋਂ ਬਾਅਦ ਸਫਲਤਾ ਦਾ ਸਫ਼ਰ ਹਾਸਲ ਕੀਤਾ ਹੈ। ਅੱਜ ਭਾਵ 14 ਮਾਰਚ ਨੂੰ, ਰੋਹਿਤ ਆਪਣਾ 51ਵਾਂ ਜਨਮਦਿਨ ਮਨਾ ਰਿਹਾ ਹੈ। ਅਜਿਹੀ ਸਥਿਤੀ ’ਚ, ਅਸੀਂ ਤੁਹਾਨੂੰ ਉਸਦੀ ਜ਼ਿੰਦਗੀ ਦੇ ਅਣਸੁਣੇ ਤੱਥਾਂ ਬਾਰੇ ਦੱਸਾਂਗੇ।
ਰੋਹਿਤ ਸ਼ੈੱਟੀ ਦਾ ਜਨਮ 14 ਮਾਰਚ 1974 ਨੂੰ ਮੁੰਬਈ ’ਚ ਹੋਇਆ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸ ਨੇ ਸਿਰਫ਼ 17 ਸਾਲ ਦੀ ਉਮਰ ’ਚ ਇੰਡਸਟਰੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰੋਹਿਤ ਸ਼ੈੱਟੀ ਨੇ 17 ਸਾਲ ਦੀ ਉਮਰ ’ਚ ਫਿਲਮ 'ਫੂਲ ਔਰ ਕਾਂਟੇ' ’ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਸੀ। ਰਿਪੋਰਟ ਦੇ ਅਨੁਸਾਰ, ਰੋਹਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਿਰਫ਼ 35 ਰੁਪਏ ਦੀ ਤਨਖਾਹ ਨਾਲ ਕੀਤੀ ਸੀ।
ਖਾਸ ਗੱਲ ਇਹ ਸੀ ਕਿ 'ਫੂਲ ਔਰ ਕਾਂਟੇ' ਅਜੇ ਦੇਵਗਨ ਦੀ ਪਹਿਲੀ ਫਿਲਮ ਸੀ। ਇੱਥੋਂ ਰੋਹਿਤ ਅਤੇ ਅਜੇ ਵਿਚਕਾਰ ਦੋਸਤੀ ਸ਼ੁਰੂ ਹੋਈ, ਜੋ ਅੱਜ ਤੱਕ ਜਾਰੀ ਹੈ। ਰੋਹਿਤ ਸ਼ੈੱਟੀ ਨੇ ਨਾ ਸਿਰਫ਼ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ, ਸਗੋਂ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਅਜੇ ਦੇਵਗਨ ਅਤੇ ਅਕਸ਼ੈ ਕੁਮਾਰ ਲਈ ਬਾਡੀ ਡਬਲ ਵਜੋਂ ਵੀ ਕੰਮ ਕੀਤਾ। ਫਿਰ ਬਹੁਤ ਸਾਰੇ ਸੰਘਰਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ, ਰੋਹਿਤ ਸ਼ੈੱਟੀ ਨੇ ਨਿਰਦੇਸ਼ਨ ’ਚ ਕਦਮ ਰੱਖਿਆ। ਉਨ੍ਹਾਂ ਦੀ ਪਹਿਲੀ ਫਿਲਮ 'ਜ਼ਮੀਨ' ਸੀ ਜੋ 2003 ’ਚ ਰਿਲੀਜ਼ ਹੋਈ ਸੀ। ਜਿਸ ’ਚ ਅਜੇ ਦੇਵਗਨ ਨਜ਼ਰ ਆਏ ਸਨ। ਹਾਲਾਂਕਿ, ਫਿਲਮ ’ਚ ਅਜੇ ਦੇਵਗਨ ਵਰਗਾ ਸਟਾਰ ਹੋਣ ਦੇ ਬਾਵਜੂਦ, ਇਸ ਨੇ ਪਰਦੇ 'ਤੇ ਕੁਝ ਖਾਸ ਨਹੀਂ ਕੀਤਾ।
ਇਸ ਤੋਂ ਬਾਅਦ ਰੋਹਿਤ ਨੇ ਸਾਲ 2006 ’ਚ ਫਿਲਮ 'ਗੋਲਮਾਲ' ਬਣਾਈ। ਜੋ ਕਿ ਉਸਦੇ ਕਰੀਅਰ ਲਈ ਇਕ ਮੋੜ ਸਾਬਤ ਹੋਇਆ। ਰੋਹਿਤ ਦੀ ਫਿਲਮ ’ਚ ਅਜੇ ਦੇਵਗਨ, ਤੁਸ਼ਾਰ ਕਪੂਰ, ਅਰਸ਼ਦ ਵਾਰਸੀ, ਸ਼ਰਮਨ ਜੋਸ਼ੀ, ਪਰੇਸ਼ ਰਾਵਲ ਵਰਗੇ ਕਲਾਕਾਰ ਨਜ਼ਰ ਆਏ ਸਨ ਅਤੇ ਇਸਨੇ ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ। ਇਸ ਫਿਲਮ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਹ ਨਾ ਸਿਰਫ਼ ਕਾਮੇਡੀ ਰਾਹੀਂ ਸਗੋਂ ਐਕਸ਼ਨ ਫ਼ਿਲਮਾਂ ਰਾਹੀਂ ਵੀ ਪਰਦੇ 'ਤੇ ਤਬਾਹੀ ਮਚਾ ਦਿੰਦਾ ਹੈ। ਇਸ ਦੌਰਾਨ ਦੇਖਿਆ ਜਾਵੇ ਤਾਂ ਅੱਜ ਰੋਹਿਤ ਸ਼ੈੱਟੀ ਲਗਭਗ 328 ਕਰੋੜ ਰੁਪਏ ਦੇ ਮਾਲਕ ਹਨ।