ਵਿਆਹੇ ਤੇ ਕੁਆਰੇ ਸਭ ਲਈ ਬਣਾਈ ਗਈ ਹੈ ਫਿਲਮ ‘ਨੀ ਮੈਂ ਸੱਸ ਕੁੱਟਣੀ 2’

Friday, Jun 07, 2024 - 04:41 PM (IST)

ਵਿਆਹੇ ਤੇ ਕੁਆਰੇ ਸਭ ਲਈ ਬਣਾਈ ਗਈ ਹੈ ਫਿਲਮ ‘ਨੀ ਮੈਂ ਸੱਸ ਕੁੱਟਣੀ 2’

ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ 2’ ਇਸੇ ਸ਼ੁੱਕਰਵਾਰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਰਹੀ ਹੈ। ਇਹ ਫਿਲਮ ਸਾਲ 2022 ’ਚ ਰਿਲੀਜ਼ ਹੋਈ ਫਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਸੀਕੁਅਲ ਹੈ। ਫਿਲਮ ’ਚ ਤਨਵੀ ਨਾਗੀ ਤੇ ਅਨੀਤਾ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਦਕਿ ਇਸ ਨੂੰ ਲਿਖਿਆ ਤੇ ਡਾਇਰੈਕਟ ਮੋਹਿਤ ਬਨਵੈਤ ਨੇ ਕੀਤਾ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਇਨ੍ਹਾਂ ਤਿੰਨਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਤਨਵੀ ਦੇ ਮੁੜ ਆਨਸਕ੍ਰੀਨ ਸੱਸ ਬਣੇ ਹੋ। ਇਸ ਵਾਰ ਦਾ ਤਜਰਬਾ ਕਿਵੇਂ ਦਾ ਰਿਹਾ?
ਅਨੀਤਾ ਦੇਵਗਨ-
ਦੇਖੋ ਜਦੋਂ ਨੂੰਹ ਨੂੰ ਆਇਆਂ ਥੋੜ੍ਹਾ ਸਮਾਂ ਹੋ ਜਾਂਦਾ ਹੈ ਤਾਂ ਉਹ ਥੋੜ੍ਹੀਆਂ-ਥੋੜ੍ਹੀਆਂ ਚੀਜ਼ਾਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੰਦੀ ਹੈ। ਜਿਹੜੀ ਜ਼ਿਆਦਾ ਸਮਝਦਾਰ ਹੋਵੇ ਉਹ ਥੋੜ੍ਹਾ ਛੇਤੀ ਚੀਜ਼ਾਂ ਆਪਣੇ ਕਬਜ਼ੇ ’ਚ ਲੈ ਲੈਂਦੀ ਹੈ, ਤਨਵੀ ਉਨ੍ਹਾਂ ’ਚੋਂ ਇਕ ਹੈ। ਫਿਲਮ ’ਚ ਤਨਵੀ ਨੇ ਕਾਫ਼ੀ ਕੰਟਰੋਲ ਕਰ ਲਿਆ ਹੈ, ਇਸੇ ਗੱਲ ਦਾ ਮਸਲਾ ਖੜ੍ਹਾ ਹੋ ਗਿਆ ਹੈ ਕਿ ਮੇਰੇ ਹੱਕਾਂ ’ਤੇ ਵੀ ਇਹ ਕਬਜ਼ਾ ਕਰਨ ਨੂੰ ਫਿਰਦੀ ਹੈ। ਫਿਲਮ ’ਚ ਇਸ ਵਾਰ ਸਿਆਪਾ ਨਵੀਆਂ ਚੀਜ਼ਾਂ ਨੂੰ ਲੈ ਕੇ ਪੈ ਗਿਆ ਹੈ।

ਸੀਕੁਅਲ ਬਣਾਉਣ ਨੂੰ ਲੈ ਕੇ ਕਿੰਨੀ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ?
ਮੋਹਿਤ ਬਨਵੈਤ-
ਮੈਂ ਇੰਨਾ ਡਰਿਆ ਉਦੋਂ ਨਹੀਂ ਸੀ, ਜਦੋਂ ਮੈਂ ‘ਨੀ ਮੈਂ ਸੱਸ ਕੁਟਣੀ’ ਪਹਿਲੀ ਰਿਲੀਜ਼ ਕੀਤੀ ਸੀ। ਹੁਣ ਮੈਂ ਬਹੁਤ ਜ਼ਿਆਦਾ ਡਰਿਆ ਹਾਂ। ਜਦੋਂ ਬੱਚਾ ਪੇਪਰ ਦੇ ਕੇ ਆਉਂਦਾ ਹੈ ਤੇ ਉਸ ਦਾ ਰਿਜ਼ਲਟ ਆਉਣ ਵਾਲਾ ਹੁੰਦਾ, ਹਾਲਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਪੇਪਰ ਉਸ ਨੇ ਵਧੀਆ ਕੀਤਾ ਪਰ ਫਿਰ ਵੀ ਟੈਨਸ਼ਨ ਬਣੀ ਰਹਿੰਦੀ ਹੈ। ‘ਨੀ ਮੈਂ ਸੱਸ ਕੁੱਟਣੀ’ ਸਿਰਫ਼ ਇਕ ਘਰ ਦੀ ਕਹਾਣੀ ਸੀ, ਉਸ ’ਚ ਇਕ ਸੱਸ-ਨੂੰਹ ਦਾ ਰਿਸ਼ਤਾ ਦਿਖਾਇਆ ਗਿਆ ਸੀ ਪਰ ‘ਨੀ ਮੈਂ ਸੱਸ ਕੁੱਟਣੀ 2’ ਇਕ ਪੂਰੇ ਪਿੰਡ ਦੀ ਕਹਾਣੀ ਹੈ ਤੇ ਇਸ ’ਚ ਬਹੁਤ ਸਾਰੇ ਮੁੱਦੇ ਹਨ, ਜਿਹੜੇ ਅਸੀਂ ਅਸਲ ਜ਼ਿੰਦਗੀ ’ਚੋਂ ਚੁੱਕੇ ਹਨ। ਇਕ ਫਿਲਮ ਦਾ ਸੀਕੁਅਲ ਬਣਾ ਕੇ ਪਹਿਲੀ ਫਿਲਮ ਤੋਂ ਵੱਡਾ ਬਣਾਉਣਾ ਤੇ ਉਸ ਨੂੰ ਰਿਲੀਜ਼ ਕਰਨਾ ਪ੍ਰੇਸ਼ਾਨੀ ਤਾਂ ਰਹਿੰਦੀ ਹੀ ਹੈ ਇਸ ਗੱਲ ਨੂੰ ਲੈ ਕੇ।

ਸੱਸ-ਨੂੰਹ ਦਾ ਰਿਸ਼ਤਾ ਬਹੁਤ ਜ਼ਿਆਦਾ ਸੈਂਸਟਿਵ ਹੁੰਦਾ ਹੈ। ਕੀ ਕਹੋਗੇ ਇਸ ਬਾਰੇ?
ਤਨਵੀ-
ਸੱਸ ਨੂੰ ਲੱਗਦਾ ਹੈ ਕਿ ਜੋ ਉਨ੍ਹਾਂ ਨੇ ਇਕ ਦਾਇਰਾ ਬਣਾਇਆ ਹੈ, ਤੇ ਜੋ ਉਨ੍ਹਾਂ ਨੇ ਛੋਟਾ ਜਿਹਾ ਸਾਮਰਾਜ ਬਣਾਇਆ ਹੈ, ਕਿਤੇ ਇਹ ਨਾ ਹੋਵੇ ਕਿ ਨੂੰਹ ਜੋ ਘਰ ’ਚ ਵਿਆਹ ਕੇ ਆ ਰਹੀ ਹੈ, ਉਹ ਸਾਰਾ ਕੁਝ ਲੈ ਜਾਵੇ। ਇਹੀ ਕਾਰਨ ਹੈ ਕਿ ਈਗੋ ਕਲੈਸ਼ ਹੁੰਦੀ ਹੈ। ਸਾਰੀ ਉਮਰ ਮੁੰਡੇ ਨੇ ਸਭ ਕੁਝ ਆਪਣੀ ਮਾਂ ਕੋਲੋ ਮੰਗਿਆ ਹੁੰਦਾ ਹੈ, ਵਿਆਹ ਤੋਂ ਬਾਅਦ ਅਗਲੀ ਹੀ ਸਵੇਰ ਉਹ ਆਪਣੀ ਪਤਨੀ ਦਾ ਨਾਂ ਲੈਣ ਲੱਗ ਜਾਂਦਾ ਹੈ, ਇਹੀ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ ਜੋ ਕਿਤੇ ਨਾ ਕਿਤੇ ਪ੍ਰੇਸ਼ਾਨੀ ਜਾਂ ਵਿਵਾਦ ਦਾ ਕਾਰਨ ਬਣਦੀਆਂ ਹਨ।ਤੁਸੀਂ ਇਸ ਸੈਂਸਟਿਵ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ। ਜਦੋਂ ਤੁਹਾਡਾ ਵਿਆਹ ਹੋਇਆ ਸੀ, ਉਦੋਂ ਕੀ ਡਰ ਸੀ?
ਅਨੀਤਾ-
ਮੈਂ ਬ੍ਰਾਹਮਣ ਘਰ ਦੀ ਕੁੜੀ ਹਾਂ ਤੇ ਮੇਰਾ ਵਿਆਹ ਜੱਟ ਸਿੱਖ ਫੈਮਿਲੀ ’ਚ ਹੋਇਆ। ਸਭ ਤੋਂ ਵੱਡੀ ਗੱਲ ਕਬੂਲ ਕਰਨ ਦੀ ਸੀ। ਕੀ ਉਹ ਮੈਨੂੰ ਕਬੂਲ ਕਰਨਗੇ ਕਿਉਂਕਿ ਜ਼ਿਆਦਾ ਪੜ੍ਹੀ-ਲਿਖੀ ਕੁੜੀ ਉਸ ਪਰਿਵਾਰ ’ਚ ਜਾ ਰਹੀ ਹੈ, ਜਿਥੇ ਜ਼ਿਆਦਾਤਰ ਔਰਤਾਂ ਘਰ ’ਚ ਹੀ ਕੰਮ ਕਰਦੀਆਂ ਹਨ। ਉਥੇ ਮੇਰੇ ਘਰ ਹਰ ਮਹਿਲਾ ਜੌਬ ਕਰਦੀ ਸੀ। ਮੈਂ ਕੋਸ਼ਿਸ਼ਾਂ ਜ਼ਿਆਦਾ ਕੀਤੀਆਂ ਤੇ ਮੈਨੂੰ ਕਬੂਲ ਕਰ ਲਿਆ ਗਿਆ। ਕਿਤੇ ਨਾ ਕਿਤੇ ਸਹੁਰਿਆਂ ਘਰ ਜਾ ਕੇ ਤੁਹਾਨੂੰ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ।

ਕੀ ਕਹਾਣੀ ’ਚ ਤੁਹਾਡੇ ਵਲੋਂ ਨਿੱਜੀ ਤਜਰਬੇ ਵੀ ਲਿਖੇ ਗਏ ਹਨ?
ਮੋਹਿਤ-
ਬਿਲਕੁਲ ਨਿੱਜੀ ਤਜਰਬੇ ਲਿਖੇ ਗਏ ਹਨ। ‘ਨੀ ਮੈਂ ਸੱਸ ਕੁਟਣੀ’ ਵੇਲੇ ਮੇਰਾ ਵਿਆਹ ਨਹੀਂ ਹੋਇਆ ਸੀ। ਜਦੋਂ ਮੈਂ ‘ਨੀ ਮੈਂ ਸੱਸ ਕੁੱਟਣੀ 2’ ਲਿਖੀ, ਉਦੋਂ ਮੇਰਾ ਵਿਆਹ ਹੋ ਗਿਆ ਸੀ ਤੇ ਫ਼ਿਲਮ ਹੋਰ ਵੀ ਵਧੀਆ ਤਜਰਬੇ ਨਾਲ ਬਣੀ ਹੈ। ਅਸੀਂ ਫ਼ਿਲਮ ’ਚ ਹਰ ਰੰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਖੀਰ ’ਚ ਉਮੀਦ ਹੈ ਕਿ ਲੋਕ ਇਕ ਸਿੱਖਿਆ ਲੈ ਕੇ ਜਾਣਗੇ।ਫ਼ਿਲਮ ’ਚ ਹਾਰਰ ਵੀ ਪਾਇਆ ਗਿਆ ਹੈ। ਉਹ ਕਿਵੇਂ ਦਾ ਤਜਰਬਾ ਰਿਹਾ?
ਤਨਵੀ-
ਸਾਡੀ ਮੇਕਅੱਪ ਟੀਮ ਨੇ ਬਾਕਮਾਲ ਕੰਮ ਕੀਤਾ ਹੈ। 4-5 ਘੰਟੇ ਹਾਰਰ ਮੇਕਅੱਪ ਕਰਨ ਨੂੰ ਲੱਗਦੇ ਸਨ। ਜਿਸ ਰਾਤ ਸਾਡਾ ਸ਼ੂਟ ਸੀ ਅਨੀਤਾ ਮੈਮ ਮੈਨੂੰ ਦੇਖ ਕੇ ਡਰ ਗਏ ਸਨ। ਨਾਲ ਹੀ ਟੀਮ ਦੇ ਕੁਝ ਮੈਂਬਰ ਵੀ ਮੈਨੂੰ ਦੇਖ ਕੇ ਡਰ ਗਏ। ਇਹ ਪੰਜਾਬ ਦੀ ਪਹਿਲੀ ਫਿਲਮ ਹੈ, ਜਿਸ ’ਚ ਹਾਰਰ ਮੇਕਅੱਪ ਇੰਨਾ ਸਹੀ ਵਰਤਿਆ ਗਿਆ ਹੈ ਤੇ ਅਸਲ ਹਾਰਰ ਲੁੱਕ ਬਣਾਈ ਗਈ ਹੈ। ਫਿਲਮ ਲਈ 10 ਤੋਂ 15 ਹਾਰਰ ਲੁੱਕਸ ਟੈਸਟ ਕੀਤੀਆਂ ਗਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News