ਫਿਲਮ ਹਰ ਉਮਰ ਦੇ ਲੋਕਾਂ ਲਈ; ਇਸ ਦਿਨ ਰਿਲੀਜ਼ ਹੋਵੇਗੀ ''ਪਿੰਟੂ ਕੀ ਪੱਪੀ''

Wednesday, Mar 12, 2025 - 11:23 AM (IST)

ਫਿਲਮ ਹਰ ਉਮਰ ਦੇ ਲੋਕਾਂ ਲਈ; ਇਸ ਦਿਨ ਰਿਲੀਜ਼ ਹੋਵੇਗੀ ''ਪਿੰਟੂ ਕੀ ਪੱਪੀ''

ਮੁੰਬਈ - ਫਿਲਮ 'ਪਿੰਟੂ ਕੀ ਪੱਪੀ' 21 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਵਿਚ ਸੁਸ਼ਾਂਤ ਥਮਕੇ, ਜਾਨਯਾ ਜੋਸ਼ੀ ਅਤੇ ਵਿਧੀ ਯਾਦਵ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸ਼ਿਵ ਹਰੇ ਨੇ ਕੀਤਾ ਹੈ, ਜੋ ਆਪਣੇ ਅਨੋਖੇ ਨਿਰਦੇਸ਼ਨ ਸਟਾਈਲ ਲਈ ਪ੍ਰਸਿੱਧ ਹਨ। ਫਿਲਮ ਨੂੰ ਵੀ 2ਐੱਸ ਪ੍ਰੋਡਕਸ਼ਨ ਤੇ ਵਿਧੀ ਆਚਾਰੀਆ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ’ਚ ਕਾਮੇਡੀ, ਡਰਾਮਾ ਅਤੇ ਮਸਤੀ ਦਾ ਇਕ ਬਿਹਤਰੀਨ ਸੰਗਮ ਦੇਖਣ ਨੂੰ ਮਿਲੇਗਾ। ਫਿਲਮ ਬਾਰੇ ਸਟਾਰ ਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਗਣੇਸ਼ ਆਚਾਰੀਆ

ਪ੍ਰ. ਹੁਣ ਉਹ ਰੋਮਾਂਟਿਕ ਕਾਮੇਡੀ ਫਿਲਮਾਂ ਨਹੀਂ ਬਣਦੀਆਂ ਤੇ ਜੇ ਬਣਦੀਆਂ ਵੀ ਹਨ ਤਾਂ ਉਸ ਪੈਕੇਜਿੰਗ ਨਾਲ ਨਹੀਂ। ਕੀ ਕਾਰਨ ਹੈ?

ਪਹਿਲਾਂ ਵੀ ਰੋਮਾਂਟਿਕ ਕਾਮੇਡੀ ਫਿਲਮਾਂ ਦਾ ਆਪਣਾ ਜਾਦੂ ਸੀ ਤੇ ਉਹ ਬਹੁਤ ਦਿਲਚਸਪ ਹੁੰਦੀਆਂ ਸਨ। ਅੱਜਕੱਲ੍ਹ ਉਹ ਓ.ਟੀ.ਟੀ. ਪਲੇਟਫਾਰਮਜ਼ ਅਤੇ ਦੱਖਣ ਭਾਰਤੀ ਸਿਨੇਮਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੋ ਗਿਆ ਹੈ ਤਾਂ ਰੋਮਾਂਟਿਕ ਕਾਮੇਡੀ ਦਾ ਪੈਟਰਨ ਬਦਲ ਗਿਆ ਹੈ। ਸਾਡੀ ਫਿਲਮ ਦੀ ਕਹਾਣੀ ਵੀ ਕੁਝ ਅਜਿਹੀ ਹੈ। ਪੁਰਾਣੇ ਸਮੇਂ ਦੀਆਂ ਫਿਲਮਾਂ ਦੀ ਯਾਦ ਦਿਵਾਉਣ ਵਾਲੀ ਹੈ ਪਰ ਇਸ ਦੇ ਨਾਲ-ਨਾਲ ਨਵੀਂ ਪੀੜ੍ਹੀ ਦੀ ਪ੍ਰਤਿਭਾ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਰਾਣੇ ਸਮੇਂ ਵਿਚ ਸ਼ਾਹਰੁਖ, ਸਲਮਾਨ ਤੇ ਆਮਿਰ ਵਰਗੇ ਸਿਤਾਰੇ ਵੀ ਨਵੇਂ ਸਨ ਤਾਂ ਸਾਨੂੰ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਸਾਡੀ ਫਿਲਮ ’ਚ ਕਾਮੇਡੀ, ਰੋਮਾਂਸ, ਫੈਮਿਲੀ ਡਰਾਮਾ ਤੇ ਇਮੋਸ਼ਨ ਸਭ ਹੈ।

ਪ੍ਰ. ਹੁਣ ਬਾਹਰੀ ਲੋਕਾਂ ਲਈ ਡੈਬਿਊ ਮੁਸ਼ਕਲ ਹੈ। ਕੀ ਇਸ ਨਾਲ ਸਹਿਮਤ ਹੋ?

ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਪਹਿਲਾਂ ਨਵੇਂ ਕਲਾਕਾਰਾਂ ਨੂੰ ਫਿਲਮਾਂ ’ਚ ਮੌਕਾ ਮਿਲਦਾ ਸੀ ਪਰ ਅੱਜਕੱਲ੍ਹ ਵੱਡੇ ਬੈਨਰ ਤੇ ਕੰਪਨੀਆਂ ਨਾਲ ਕੰਮ ਕਰਨਾ ਤੇ ਉਨ੍ਹਾਂ ਦੇ ਨਾਲ ਫਿਲਮਾਂ ਦੀਆਂ ਕਹਾਣੀਆਂ ’ਤੇ ਕੰਮ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ। ਨਵੇਂ ਕਲਾਕਾਰਾਂ ਲਈ ਬਾਲੀਵੁੱਡ ’ਚ ਜਗ੍ਹਾ ਬਣਾਉਣ ਦਾ ਰਸਤਾ ਮੁਸ਼ਕਲ ਹੋ ਗਿਆ ਹੈ ਪਰ ਹੁਣ ਲੱਗਦਾ ਹੈ ਕਿ ਫਿਲਮ ਇੰਡਸਟਰੀ ’ਚ ਇਕ ਨਵਾਂ ਦੌਰ ਆ ਰਿਹਾ ਹੈ, ਜਿੱਥੇ ਨਵੇਂ ਚਿਹਰਿਆਂ ਨੂੰ ਪਿਆਰ ਮਿਲ ਰਿਹਾ ਹੈ ਤੇ ਉਨ੍ਹਾਂ ਦੀਆਂ ਫਿਲਮਾਂ ਨੂੰ ਹੁਣ ਚੰਗਾ ਹੁੰਗਾਰਾ ਮਿਲ ਰਿਹਾ ਹੈ। ਬਾਲੀਵੁੱਡ ਨੂੰ ਇਸ ਦਿਸ਼ਾ ’ਚ ਹੋਰ ਵੱਧ ਕੰਮ ਕਰਨਾ ਚਾਹੀਦਾ ਤੇ ਨਵੇਂ ਚਿਹਰਿਆਂ ਨਾਲ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ।

ਪ੍ਰ. ਕਾਸਟ ਕਿੰਨੇ ਦਿਨਾਂ ’ਚ ਫਾਈਨਲ ਹੋਈ?

ਮੈਂ ਸ਼ੁਸ਼ਾਂਤ ਧਮਕੇ ਨੂੰ ਪਹਿਲਾਂ ਹੀ ਕਾਸਟ ਕਰ ਲਿਆ ਸੀ। ਕਾਰਨ ਇਹ ਸੀ ਕਿ ਮੈਨੂੰ ਮਹਾਰਾਸ਼ਟਰ ਤੋਂ ਇਕ ਬਾਲੀਵੁੱਡ ਕਲਾਕਾਰ ਚਾਹੀਦਾ ਸੀ, ਜੋ ਵੱਡਾ ਨਾਂ ਬਣੇ। ਮੈਂ ਚਾਹੁੰਦਾ ਸੀ ਕਿ ਸੁਸ਼ਾਂਤ ਬਾਲੀਵੁੱਡ ’ਚ ਵੱਡਾ ਸਟਾਰ ਬਣੇ। ਜਾਨੇਯਾ ਨੂੰ ਉਨ੍ਹਾਂ ਦੀ ਡਾਂਸਿੰਗ ਤੇ ਬਹੁਤ ਚੰਗੇ ਐਕਸਪ੍ਰੈਸ਼ਨ ਕਾਰਨ ਅਸੀਂ ਕਾਸਟ ਕੀਤਾ। ਸਾਰੇ ਕਲਾਕਾਰ ਨਵੇਂ ਹਨ ਤੇ ਖ਼ੁਸ਼ੀ ਹੈ ਕਿ ਅਸੀਂ ਨਵੇਂ ਚਿਹਰਿਆਂ ਨਾਲ ਕੰਮ ਕੀਤਾ। ਫਿਲਮ ਤੋਂ ਅਸੀਂ ਚਾਹੁੰਦੇ ਸੀ ਕਿ ਨਵੀਂ ਪ੍ਰਤਿਭਾ ਨੂੰ ਪਛਾਣ ਮਿਲੇ।

ਪ੍ਰ. ਜਦੋਂ ਵੱਡੇ ਕਾਰਪੋਰੇਟਜ਼ ਨਾਲ ਕੰਮ ਕਰਨਾ ਹੁੰਦਾ ਹੈ ਤਾਂ ਕੀ ਚੁਣੌਤੀ ਹੁੰਦੀ ਹੈ?

ਪ੍ਰੋਡਕਸ਼ਨ ਦਾ ਬਜਟ ਕਦੇ-ਕਦੇ ਬਹੁਤ ਵਧ ਜਾਂਦਾ ਹੈ ਤੇ ਕਈ ਵਾਰ ਸ਼ੂਟ ਦੌਰਾਨ ਸਾਨੂੰ ਬਦਲਾਅ ਕਰਨੇ ਪੈਂਦੇ ਹਨ। ਪਹਿਲਾਂ ਵੱਡੇ ਨਿਰਮਾਤਾ ਹੁੰਦੇ ਸਨ, ਜੋ ਜੋਖ਼ਮ ਲੈਂਦੇ ਸਨ ਤੇ ਨਵੇਂ ਚਿਹਰਿਆਂ ਨੂੰ ਫਿਲਮਾਂ ’ਚ ਮੌਕਾ ਦਿੰਦੇ ਸਨ ਪਰ ਅੱਜਕੱਲ੍ਹ ਜ਼ਿਆਦਾਤਰ ਫਿਲਮਾਂ ਵੱਡੇ ਕਾਰਪੋਰੇਟਜ਼ ਨਾਲ ਬਣਦੀਆਂ ਹਨ। ਜ਼ਿਆਦਾ ਫੰਡਿੰਗ ਤੇ ਚੰਗੇ ਪ੍ਰੋਜੈਕਟ ਦੀ ਜ਼ਰੂਰਤ ਹੁੰਦੀ ਹੈ।

ਸ਼ਿਵ ਹਰੇ

ਪ੍ਰ. ਕੀ ਫਿਲਮ ਦਾ ਖ਼ਾਸ ਕਾਨਫਿਲਕਟ ਹੈ, ਜੋ ਤੁਹਾਨੂੰ ਲੱਗਦਾ ਹੈ ਕਿ ਇਹ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰੇਗਾ।

ਫਿਲਮ ਦਾ ਮੁੱਖ ਕਾਨਫਿਲਕਟ ਇਹੀ ਹੈ ਕਿ ਪਿੰਟੂ ਇਕ ਛੋਟੇ ਸ਼ਹਿਰ ਦਾ ਲੜਕਾ ਹੈ ਅਤੇ ਜੋ ਦਿਲ ਤੋਂ ਕਿਸੇ ਨਾਲ ਕਰਦਾ ਹੈ, ਜਦੋਂ ਉਹ ਪਿਆਰ ਉਸ ਦੀ ਜ਼ਿੰਦਗੀ ’ਚ ਆਉਂਦਾ ਹੈ ਤਾਂ ਉਹ ਉਸ ਨੂੰ ਗਹਿਰੇ ਤਰੀਕੇ ਨਾਲ ਮਹਿਸੂਸ ਕਰਦਾ ਹੈ। ਉਸ ਦੇ ਮਾਂ-ਬਾਪ ਉਸ ਦੀ ਇਸ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤੇ ਉਸ ਨੂੰ ਮਾਮਾ ਦੇ ਕੋਲ ਭੇਜਣ ਦਾ ਫ਼ੈਸਲਾ ਕਰਦੇ ਹਨ। ਮਾਮੇ- ਭਾਣਜੇ ਦੇ ਰਿਸ਼ਤੇ ਵਿਚ ਬਹੁਤ ਪਿਆਰ ਅਤੇ ਡੂੰਘਾਈ ਹੈ। ਮਾਮਾ ਉਸ ਦੀ ਪ੍ਰੇਸ਼ਾਨੀ ਨੂੰ ਸਮਝਦਾ ਹੈ ਅਤੇ ਉਸ ਨੂੰ ਇਕ ਨਵਾਂ ਰਸਤਾ ਦਿਖਾਉਂਦਾ ਹੈ। ਕਾਨਫਲਿਕਟ ਦੇ ਨਾਲ-ਨਾਲ ਫਿਲਮ ’ਚ ਹੋਰ ਵੀ ਛੋਟੇ-ਛੋਟੇ ਵਿਅਕਤੀਗਤ ਕਾਨਫਿਲਕਟ ਹਨ ਜਿਵੇਂ ਪਿੰਟੂ ਦੇ ਦੋਸਤ, ਪਰਿਵਾਰ ਵਾਲੇ ਤੇ ਜੋ ਲੋਕ ਪਿੰਟੂ ਦੀ ਜ਼ਿੰਦਗੀ ’ਚ ਆਉਂਦੇ ਹਨ। ਇਹ ਸਾਰੇ ਛੋਟੇ-ਛੋਟੇ ਕਾਨਫਿਲਕਟ ਫਿਲਮ ਨੂੰ ਹੋਰ ਵੀ ਦਿਲਚਸਪ ਬਣਾਉਂਦੇ ਹਨ ਤੇ ਦਰਸ਼ਕ ਇਸ ਨਾਲ ਜੁੜ ਸਕਦੇ ਹਨ।

ਪ੍ਰ. ਅਜਿਹੀ ਕੀ ਖ਼ਾਸ ਗੱਲ ਹੈ, ਜੋ ਫਿਲਮ ਨੂੰ ਪਰਿਵਾਰ ਲਈ ਬਿਹਤਰੀਨ ਬਣਾਉਂਦੀ ਹੈ?

ਇਹ ਫਿਲਮ ਪੂਰੇ ਪਰਿਵਾਰ ਲਈ ਹੈ। ਇਸ ’ਚ ਇਕ ਸਾਦਾ ਤੇ ਪਿਆਰਾ ਸੰਦੇਸ਼ ਹੈ ਕਿ ਸਾਨੂੰ ਕਦੇ ਕਿਸੇ ਦਾ ਦਿਲ ਦੁਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਫਿਲਮ ’ਚ ਇਕ ਭਗਤੀ ਤੇ ਪਿਆਰ ਭਰਿਆ ਮਾਹੌਲ ਹੈ ਅਤੇ ਇਹ ਇਕ ਅਜਿਹੀ ਕਹਾਣੀ ਹੈ, ਜੋ ਹਰ ਉਮਰ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ। ਇਹ ਫਿਲਮ ਇਕ ਸੁੰਦਰ ਸੰਦੇਸ਼ ਦਿੰਦੀ ਹੈ ਤੇ ਇਸ ਵਿਚ ਬਹੁਤ ਸਾਰੇ ਇਮੋਸ਼ਨਜ਼ ਹਨ।

ਸ਼ੁਸ਼ਾਂਤ ਥਮਕੇ

ਪ੍ਰ. ਸੈੱਟ ’ਤੇ ਕਿਵੇਂ ਦਾ ਮਾਹੌਲ ਸੀ?

ਸੈੱਟ ’ਤੇ ਮਾਹੌਲ ਹਮੇਸ਼ਾ ਸ਼ਾਨਦਾਰ ਸੀ। ਸ਼ੁਰੂਆਤ ’ਚ ਜਿਉਂ ਹੀ ਮੈਂ ਕਹਾਣੀ ਸੁਣੀ ਤਾਂ ਮੈਨੂੰ ਲੱਗਿਆ ਕਿ ਇਹ ਫਿਲਮ ਰੋਮਾਂਟਿਕ ਕਾਮੇਡੀ ਦੇ ਤੌਰ ’ਤੇ ਕੁਝ ਨਵਾਂ ਕਰੇਗੀ। ਇਸ ਦੇ ਕਿਰਦਾਰ ਜਿਵੇਂ ਪਿੰਟੂ, ਬਹੁਤ ਦਿਲਚਸਪ ਸੀ। ਮੈਂ ਪੂਰੀ ਤਰ੍ਹਾਂ ਫਿਲਮ ਦੇ ਇਮੋਸ਼ਨਜ਼ ’ਚ ਡੁੱਬਿਆ ਸੀ। ਸਭ ਲੋਕ ਆਪਣੇ ਕੰਮ ਪ੍ਰਤੀ ਸਮਰਪਿਤ ਹੁੰਦੇ ਸਨ ਤੇ ਇਕ ਦੂਜੇ ਨਾਲ ਬਹੁਤ ਚੰਗੇ ਤੋਂ ਇੰਟਰੈਕਟ ਕਰਦੇ ਸਨ। ਇਸ ਤਰ੍ਹਾਂ ਸੈੱਟ ’ਤੇ ਇਕ ਪਰਿਵਾਰ ਵਰਗਾ ਮਾਹੌਲ ਬਣ ਗਿਆ ਸੀ।

ਪ੍ਰ. ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?

ਪਰਿਵਾਰਕ ਫਿਲਮ ਹੈ। ਸਾਰਿਆਂ ਲਈ ਕੁਝ ਨਾ ਕੁਝ ਹੈ। ਕਿਸੇ ਲਈ ਕਾਮੇਡੀ, ਕਿਸੇ ਲਈ ਰੋਮਾਂਸ ਤੇ ਕਿਸੇ ਲਈ ਇਕ ਚੰਗਾ ਸੰਦੇਸ਼। ਅਸੀਂ ਤਿੰਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਨੂੰ ਆਪਣਾ ਪਿਆਰ ਦੇਣਗੇ।

ਪ੍ਰ. ਇਸ ਫਿਲਮ ਦੇ ਪ੍ਰਮੋਸ਼ਨ ’ਚ ਤੁਸੀਂ ਕੀ ਤਰੀਕਾ ਅਪਣਾਇਆ।

ਮੈਂ ਪਹਿਲਾਂ ਆਪਣੇ ਸਕੂਲ, ਕਾਲਜ ਤੇ ਆਸਪਾਸ ਦੇ ਸਾਰੇ ਲੋਕਾਂ ਨਾਲ ਇਸ ਫਿਲਮ ਨੂੰ ਪ੍ਰਮੋਟ ਕੀਤਾ। ਮੈਂ ਆਪਣੇ ਇੰਸਟਾਗ੍ਰਾਮ ’ਤੇ ਵੀ ਫਿਲਮ ਦੇ ਛੋਟੇ-ਛੋਟੇ ਵੀਡੀਓ ਕਲਿਪਸ ਤੇ ਟ੍ਰੇਲਰ ਪੋਸਟ ਕੀਤੇ।

ਜਾਨਯਾ ਜੋਸ਼ੀ

ਪ੍ਰ. ਸ਼ੂਟਿੰਗ ਦੀ ਲੋਕੇਸ਼ਨ ਅਤੇ ਸੈੱਟ ਦੀ ਵਾਈਬ ਦਾ ਤੁਹਾਡੇ ’ਤੇ ਕੀ ਪ੍ਰਭਾਵ ਪਿਆ?

ਫਿਲਮ ਦੀ ਸ਼ੂਟਿੰਗ ਓਮਕਾਰੇਸ਼ਵਰ ਤੇ ਉਜੈਨ ’ਚ ਹੋਈ ਸੀ, ਜੋ ਸ਼ਿਵ ਜੀ ਦੀ ਨਗਰੀ ਹੈ। ਉੱਥੋਂ ਦਾ ਵਾਤਾਵਰਨ ਬਹੁਤ ਹਾਂ-ਪੱਖੀ ਸੀ, ਜਿਸ ਨਾਲ ਕੰਮ ਕਰਨਾ ਦਾ ਉਤਸ਼ਾਹ ਵਧ ਜਾਂਦਾ ਸੀ। ਅਸੀਂ ਹਰ ਦਿਨ ਦੀ ਸ਼ੁਰੂਆਤ ਭਗਵਾਨ ਦੀ ਪ੍ਰਾਰਥਨਾ ਨਾਲ ਕਰਦੇ ਸੀ ਤੇ ਮੈਨੂੰ ਲੱਗਦਾ ਹੈ ਕਿ ਭਗਵਾਨ ਦਾ ਅਸ਼ੀਰਵਾਦ ਸੀ, ਜੋ ਯਾਤਰਾ ’ਚ ਹਮੇਸ਼ਾ ਸਾਡੇ ਨਾਲ ਸੀ। ਅਖੀਰ ਤੱਕ ਸਭ ਇਕ ਦੂਜੇ ਨਾਲ ਕੈਫੀ ਫੈਮਲੀਅਰ ਹੋ ਗਏ ਸਨ।

ਵਿਧੀ ਯਾਦਵ

ਪ੍ਰ. ਤੁਸੀਂ ਫਿਲਮ ਤੋਂ ਕੀ ਨਵਾਂ ਸਿੱਖਿਆ?

ਜਦੋਂ ਮੈਂ ‘ਤਾਕਾ ਤਾਕੀ’ ਗਾਣੇ ਦੀ ਸ਼ੂਟਿੰਗ ਕੀਤੀ ਸੀ ਤਾਂ ਬਹੁਤ ਨਰਵਸਨੈੱਸ ਮਹਿਸੂਸ ਹੋ ਰਹੀ ਸੀ ਪਰ ਮਾਸਟਰ ਜੀ ਨੇ ਮੈਨੂੰ ਕਿਹਾ ਕਿ ਮੈਂ ਇਸ ਨੂੰ ਕਰ ਸਕਦੀ ਹਾਂ। ਉਨ੍ਹਾਂ ਨੇ ਮੈਨੂੰ ਦਿਖਾਇਆ ਤੇ ਫਿਰ ਮੈਂ ਇਸ ਨੂੰ ਕੁਝ ਹੀ ਟੇਕਸ ’ਚ ਕਰ ਲਿਆ। ਇਹ ਮੇਰੇ ਲਈ ਬਹੁਤ ਵੱਡੀ ਸਿੱਖਿਆ ਸੀ ਕਿ ਵਿਸ਼ਵਾਸ ਤੇ ਮਿਹਨਤ ਨਾਲ ਕੋਈ ਵੀ ਚੁਣੌਤੀ ਆਸਾਨ ਹੋ ਸਕਦੀ ਹੈ। ਜਾਨਯਾ ਲਈ ਵੀ ਇਹੀ ਅਨੁਭਵ ਸੀ। ਉਨ੍ਹਾਂ ਨੇ ਪਹਿਲਾਂ ਕਦੇ ਹਿਪ-ਹਾਪ ਨਹੀਂ ਕੀਤਾ ਸੀ ਪਰ ਮਾਸਟਰ ਜੀ ਦੇ ਮਾਰਗਦਰਸ਼ਨ ਵਿਚ ਉਨ੍ਹਾਂ ਨੇ ਇਸ ਨੂੰ ਵੀ ਬਿਹਤਰੀਨ ਤਰੀਕੇ ਨਾਲ ਕੀਤਾ।


author

cherry

Content Editor

Related News