ਉਡੀਕ ਖ਼ਤਮ! ਰਿਲੀਜ਼ ਹੋਇਆ ''ਬਾਰਡਰ 2'' ਦਾ ਸਭ ਤੋਂ ਵੱਡਾ ਗੀਤ; ਮਸ਼ਹੂਰ ਗਾਇਕਾਂ ਨੇ ਦਿੱਤੀ ਆਵਾਜ਼

Friday, Jan 02, 2026 - 05:59 PM (IST)

ਉਡੀਕ ਖ਼ਤਮ! ਰਿਲੀਜ਼ ਹੋਇਆ ''ਬਾਰਡਰ 2'' ਦਾ ਸਭ ਤੋਂ ਵੱਡਾ ਗੀਤ; ਮਸ਼ਹੂਰ ਗਾਇਕਾਂ ਨੇ ਦਿੱਤੀ ਆਵਾਜ਼

ਮੁੰਬਈ- ਸਾਲ 2026 ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ 'ਬਾਰਡਰ 2' (Border 2) ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਸੰਨੀ ਦਿਓਲ ਦੀ ਇਸ ਫ਼ਿਲਮ ਦਾ ਪਹਿਲਾ ਗੀਤ 'ਘਰ ਕਬ ਆਓਗੇ' ਅੱਜ ਅਧਿਕਾਰਤ ਤੌਰ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।
4 ਦਿੱਗਜ ਗਾਇਕਾਂ ਦੀ ਆਵਾਜ਼ ਦਾ ਜਾਦੂ
ਇਹ ਗੀਤ 1997 ਦੀ ਕਲਾਸਿਕ ਫ਼ਿਲਮ 'ਬਾਰਡਰ' ਦੇ ਮਸ਼ਹੂਰ ਗੀਤ 'ਸੰਦੇਸੇ ਆਤੇ ਹੈਂ' ਦਾ ਰੀ-ਕ੍ਰਿਏਟਿਡ ਵਰਜਨ ਹੈ। ਜਿੱਥੇ ਪੁਰਾਣੇ ਗੀਤ ਨੂੰ ਸੋਨੂ ਨਿਗਮ ਅਤੇ ਰੂਪ ਕੁਮਾਰ ਰਾਠੌੜ ਨੇ ਗਾਇਆ ਸੀ, ਉੱਥੇ ਹੀ ਇਸ ਨਵੇਂ ਵਰਜਨ ਵਿੱਚ ਚਾਰ ਦਿੱਗਜ ਗਾਇਕਾਂ ਦੀ ਆਵਾਜ਼ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਸੋਨੂ ਨਿਗਮ ਦੇ ਨਾਲ ਅਰਿਜੀਤ ਸਿੰਘ, ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਵਿਸ਼ਾਲ ਮਿਸ਼ਰਾ ਨੇ ਆਪਣੀ ਆਵਾਜ਼ ਦਿੱਤੀ ਹੈ।
ਆਡੀਓ ਰਿਲੀਜ਼, ਵੀਡੀਓ ਦਾ ਇੰਤਜ਼ਾਰ
ਫ਼ਿਲਮ ਦੇ ਨਿਰਮਾਤਾਵਾਂ ਨੇ ਫਿਲਹਾਲ ਇਸ ਗੀਤ ਦਾ ਆਡੀਓ ਵਰਜਨ ਜਾਰੀ ਕੀਤਾ ਹੈ, ਜਿਸ ਨੂੰ ਵੱਖ-ਵੱਖ ਆਡੀਓ ਪਲੇਟਫਾਰਮਾਂ 'ਤੇ ਸੁਣਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਇਸ ਗੀਤ ਦਾ ਵੀਡੀਓ ਅੱਜ ਸ਼ਾਮ ਤੱਕ ਰਿਲੀਜ਼ ਕੀਤਾ ਜਾਵੇਗਾ।
ਗੀਤ ਦੇ ਪਿੱਛੇ ਦੀ ਟੀਮ
ਲਿਖਤ: ਮੂਲ ਗੀਤ ਜਾਵੇਦ ਅਖ਼ਤਰ ਨੇ ਲਿਖਿਆ ਸੀ, ਜਦਕਿ ਨਵੇਂ ਵਰਜਨ ਦੇ ਬੋਲ ਮਨੋਜ ਮੁੰਤਸ਼ਿਰ ਨੇ ਤਿਆਰ ਕੀਤੇ ਹਨ।ਸੰਗੀਤ: ਅਨੂ ਮਲਿਕ ਦੀ ਅਸਲੀ ਧੁਨ ਨੂੰ ਇਸ ਵਾਰ ਸੰਗੀਤਕਾਰ ਮਿਥੁਨ ਨੇ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਹੈ।
23 ਜਨਵਰੀ ਨੂੰ ਸਿਨੇਮਾਘਰਾਂ 'ਚ ਗੂੰਜੇਗਾ 'ਹਿੰਦੁਸਤਾਨ ਜ਼ਿੰਦਾਬਾਦ'
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ 'ਬਾਰਡਰ 2' 23 ਜਨਵਰੀ 2026 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵਿੱਚ ਸਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਮੋਨਾ ਸਿੰਘ ਅਤੇ ਮੇਧਾ ਰਾਣਾ ਵੀ ਅਹਿਮ ਕਿਰਦਾਰਾਂ ਵਿੱਚ ਦਿਖਾਈ ਦੇਣਗੇ।
ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਇਸ ਫ਼ਿਲਮ ਦੇ ਟੀਜ਼ਰ ਨੂੰ ਪਹਿਲਾਂ ਹੀ ਰਲਵਾਂ-ਮਿਲਵਾਂ ਹੁੰਗਾਰਾ ਮਿਲ ਚੁੱਕਾ ਹੈ ਅਤੇ ਹੁਣ ਦਰਸ਼ਕ ਬੇਸਬਰੀ ਨਾਲ ਇਸ ਦੇ ਟ੍ਰੇਲਰ ਦੀ ਉਡੀਕ ਕਰ ਰਹੇ ਹਨ।
 


author

Aarti dhillon

Content Editor

Related News