‘ਤਾਰਕ ਮਹਿਤਾ...’ ਸ਼ੋਅ ਨੂੰ ਲੱਗਾ ਇਕ ਹੋਰ ਵੱਡਾ ਝਟਕਾ, ਡਾਇਰੈਕਟਰ ਨੇ 14 ਸਾਲਾਂ ਬਾਅਦ ਛੱਡਿਆ ਸ਼ੋਅ
Tuesday, Jan 03, 2023 - 04:57 PM (IST)
ਮੁੰਬਈ (ਬਿਊਰੋ)– ਟੀ. ਵੀ. ’ਤੇ ਰਾਜ ਕਰਨ ਵਾਲੇ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸਿਤਾਰੇ ਮਾੜੇ ਲੱਗ ਰਹੇ ਹਨ। ਇਸੇ ਲਈ ਇਕ ਤੋਂ ਬਾਅਦ ਇਕ ਸਿਤਾਰੇ ਇਸ ਸ਼ੋਅ ਨੂੰ ਅਲਵਿਦਾ ਆਖ ਰਹੇ ਹਨ। ਦਿਸ਼ਾ ਵਕਾਨੀ ਤੇ ਸ਼ੈਲੇਸ਼ ਲੋਢਾ ਵਰਗੇ ਵੱਡੇ ਕਲਾਕਾਰਾਂ ਤੋਂ ਬਾਅਦ ਹੁਣ ‘ਤਾਰਕ ਮਹਿਤਾ...’ ਦੇ ਨਿਰਦੇਸ਼ਕ ਮਾਲਵ ਰਾਜਦਾ ਨੇ ਵੀ ਸ਼ੋਅ ਛੱਡ ਦਿੱਤਾ ਹੈ।
14 ਸਾਲਾਂ ਬਾਅਦ ਛੱਡਿਆ ਸ਼ੋਅ
ਮਾਲਵ ਰਾਜਦਾ ਪਿਛਲੇ 14 ਸਾਲਾਂ ਤੋਂ ਸ਼ੋਅ ‘ਤਾਰਕ ਮਹਿਤਾ...’ ਦਾ ਨਿਰਦੇਸ਼ਨ ਕਰ ਰਹੇ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਲਾਂ ਦੇ ਲੰਬੇ ਸਫਰ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ ਹੈ। ਉਨ੍ਹਾਂ ਦਾ ਇਹ ਫ਼ੈਸਲਾ ਯਕੀਨੀ ਤੌਰ ’ਤੇ ਸਾਰਿਆਂ ਲਈ ਹੈਰਾਨੀਜਨਕ ਹੈ।
ਜਾਣਕਾਰੀ ਮੁਤਾਬਕ ਮਾਲਵ ਰਾਜਦਾ ਨੇ ‘ਤਾਰਕ ਮਹਿਤਾ...’ ਸ਼ੋਅ ਦੀ ਆਖਰੀ ਸ਼ੂਟਿੰਗ 15 ਦਸੰਬਰ ਨੂੰ ਕੀਤੀ ਸੀ। ਇਕ ਸੂਤਰ ਨੇ ਐੱਚ. ਟੀ. ਨੂੰ ਦੱਸਿਆ ਕਿ ਸ਼ੋਅ ਦੇ ਨਿਰਦੇਸ਼ਕ ਮਾਲਵ ਰਾਜਦਾ ਤੇ ਪ੍ਰੋਡਕਸ਼ਨ ਹਾਊਸ ਵਿਚਾਲੇ ਤਕਰਾਰ ਸੀ, ਜਿਸ ਕਾਰਨ ਉਨ੍ਹਾਂ ਨੇ ਸ਼ੋਅ ਛੱਡਣ ਦਾ ਫ਼ੈਸਲਾ ਕੀਤਾ। ਹਾਲਾਂਕਿ ਮਾਲਵ ਰਾਜਦਾ ਨੇ ਇਨ੍ਹਾਂ ਸਾਰੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
ਐੱਚ. ਟੀ. ਨਾਲ ਗੱਲਬਾਤ ਦੌਰਾਨ ਮਾਲਵ ਰਾਜਦਾ ਨੇ ਕਿਹਾ, ‘‘ਜੇਕਰ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਟੀਮ ’ਚ ਰਚਨਾਤਮਕ ਮਤਭੇਦ ਹੋਣਾ ਆਮ ਗੱਲ ਹੈ ਪਰ ਸ਼ੋਅ ਨੂੰ ਬਿਹਤਰ ਬਣਾਉਣ ਲਈ ਅਜਿਹਾ ਹੁੰਦਾ ਹੈ। ਪ੍ਰੋਡਕਸ਼ਨ ਹਾਊਸ ਨਾਲ ਮੇਰਾ ਕੋਈ ਮਤਭੇਦ ਨਹੀਂ ਹੈ। ਮੈਂ ਸ਼ੋਅ ਤੇ ਅਸਿਤ ਭਾਈ (ਸ਼ੋਅ ਦੇ ਨਿਰਮਾਤਾ) ਦਾ ਧੰਨਵਾਦੀ ਹਾਂ।’’
ਕਿਉਂ ਛੱਡਿਆ ਸ਼ੋਅ?
ਮਾਲਵ ਰਾਜਦਾ ਨੇ ਕਿਉਂ ਛੱਡਿਆ ਸ਼ੋਅ? ਇਸ ਸਵਾਲ ’ਤੇ ਉਨ੍ਹਾਂ ਕਿਹਾ, ‘‘14 ਸਾਲ ਤੱਕ ਸ਼ੋਅ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਆਪਣੇ ਕੰਫਰਟ ਜ਼ੋਨ ’ਚ ਚਲਾ ਗਿਆ ਹਾਂ। ਮੈਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਸਿਰਜਣਾਤਮਕ ਤੌਰ ’ਤੇ ਵਿਕਸਿਤ ਕਰਨ ਲਈ ਅੱਗੇ ਵਧਣਾ ਤੇ ਆਪਣੇ ਆਪ ਨੂੰ ਚੁਣੌਤੀ ਦੇਣਾ ਜ਼ਰੂਰੀ ਹੈ।’’
ਮਾਲਵ ਰਾਜਦਾ ਨੇ ਆਪਣੇ 14 ਸਾਲਾਂ ਦੇ ਸਫਰ ਬਾਰੇ ਗੱਲ ਕਰਦਿਆਂ ਕਿਹਾ, ‘‘ਇਹ 14 ਸਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਖ਼ੂਬਸੂਰਤ ਸਾਲ ਰਹੇ ਹਨ। ਮੈਨੂੰ ਇਸ ਸ਼ੋਅ ਤੋਂ ਨਾ ਸਿਰਫ ਪ੍ਰਸਿੱਧੀ ਤੇ ਪੈਸਾ ਮਿਲਿਆ ਹੈ, ਸਗੋਂ ਮੇਰੀ ਜੀਵਨਸਾਥਣ ਪ੍ਰਿਆ ਵੀ ਮਿਲੀ ਹੈ।’’
ਤੁਹਾਨੂੰ ਦੱਸ ਦੇਈਏ ਕਿ ‘ਤਾਰਕ ਮਹਿਤਾ...’ ਸ਼ੋਅ ਨੂੰ ਇਕ ਤੋਂ ਬਾਅਦ ਇਕ ਵੱਡਾ ਝਟਕਾ ਲੱਗ ਰਿਹਾ ਹੈ। ਕਈ ਸਿਤਾਰੇ ਸ਼ੋਅ ਛੱਡ ਚੁੱਕੇ ਹਨ। ਸ਼ੋਅ ਦੇ ਨਿਰਦੇਸ਼ਕ ਤੋਂ ਪਹਿਲਾਂ ਮਾਲਵ ਰਾਜਦਾ, ਰਾਜ ਅਨਦਕਟ, ਸ਼ੈਲੇਸ਼ ਲੋਢਾ ਤੇ ਦਿਸ਼ਾ ਵਕਾਨੀ ਵੀ ਸ਼ੋਅ ਨੂੰ ਅਲਵਿਦਾ ਆਖ ਚੁੱਕੇ ਹਨ। ਦੇਖਣਾ ਇਹ ਹੋਵੇਗਾ ਕਿ ‘ਤਾਰਕ ਮਹਿਤਾ...’ ਸ਼ੋਅ ਦੇ ਡਾਇਰੈਕਟਰ ਦੀ ਗੈਰ-ਹਾਜ਼ਰੀ ਕਿੰਨਾ ਕੁ ਫਰਕ ਪਾਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।