ਮੌਤ ਦੀਆਂ ਖ਼ਬਰਾਂ ਵਿਚਾਲੇ ਕਵੀ ਸੁਰੇਂਦਰ ਸ਼ਰਮਾ ਨੇ ਵੀਡੀਓ ਸਾਂਝੀ ਕਰ ਕਿਹਾ- ‘ਮੈਂ ਅਜੇ ਜਿਊਂਦਾ ਹਾਂ...’

06/28/2022 5:50:48 PM

ਮੁੰਬਈ (ਬਿਊਰੋ)– ਮਸ਼ਹੂਰ ਹਾਸਰਸ ਕਵੀ ਤੇ ਵਿਅੰਗਕਾਰ ਸੁਰੇਂਦਰ ਸ਼ਰਮਾ ਨੇ ਪਤੀ-ਪਤਨੀ ਦੇ ਜੋਕਸ ਨਾਲ ਦੁਨੀਆ ਨੂੰ ਹਸਾਇਆ ਹੈ। ਉਨ੍ਹਾਂ ਦੇ ਇਹ ਜੋਕਸ ਪਤੀ-ਪਤਨੀ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ ਪਰ ਸੋਮਵਾਰ ਸ਼ਾਮ ਨੂੰ ਹਰ ਪਾਸੇ ਜਦੋਂ ਇਹ ਖ਼ਬਰ ਫੈਲੀ ਕਿ ਸੁਰੇਂਦਰ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ ਤਾਂ ਹਰ ਕੋਈ ਹੈਰਾਨ ਹੋ ਗਿਆ।

ਅਸਲ ’ਚ ਬੀਤੇ ਦਿਨੀਂ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਸੁਰੇਂਦਰ ਸ਼ਰਮਾ ਦਾ ਦਿਹਾਂਤ ਹੋ ਗਿਆ ਸੀ। ਜਦੋਂ ਇਹ ਖ਼ਬਰ ਸਾਹਮਣੇ ਆਈ ਤਾਂ ਲੋਕ ਸੁਰੇਂਦਰ ਸ਼ਰਮਾ ਦੀਆਂ ਤਸਵੀਰਾਂ ਨਾਲ ਆਰ. ਆਈ. ਪੀ. ਲਿਖਣ ਲੱਗੇ। ਇੰਨਾ ਹੀ ਨਹੀਂ, ਸੁਰੇਂਦਰ ਸ਼ਰਮਾ ਦੀਆਂ ਤਸਵੀਰਾਂ ਨਾਲ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਣ ਲੱਗੀ ਪਰ ਜਦੋਂ ਸੁਰੇਂਦਰ ਸ਼ਰਮਾ ਨੂੰ ਇਸ ਖ਼ਬਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸਾਹਮਣੇ ਆਉਣ ਬਿਹਤਰ ਸਮਝਿਆ ਤਾਂ ਕਿ ਲੋਕਾਂ ਦੀ ਗਲਤਫਹਿਮੀ ਦੂਰ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ : ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾ

ਮਸ਼ਹੂਰ ਸ਼ਾਇਰ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਕਿਹਾ, ‘‘ਮੈਂ ਜ਼ਿੰਦਾ ਹਾਂ।’’ ਸੁਰੇਂਦਰ ਸ਼ਰਮਾ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਪਿਆਰੇ ਦੋਸਤੋ, ਮੈਂ ਸੁਰੇਂਦਰ ਸ਼ਰਮਾ ਕਾਮੇਡੀ ਕਵੀ ਜਿਊਂਦਾ ਧਰਤੀ ਤੋਂ ਬੋਲ ਰਿਹਾ ਹਾਂ। ਤੁਸੀਂ ਇਹ ਨਾ ਸੋਚੋ ਕਿ ਮੈਂ ਉੱਪਰ ਜਾ ਚੁੱਕਿਆ ਹਾਂ। ਕਿਸੇ ਹੋਰ ਪੰਜਾਬ ਦੇ ਕਲਾਕਾਰ ਦਾ ਦਿਹਾਂਤ ਹੋਇਆ ਹੈ। ਮੈਂ ਉਸ ਕਲਾਕਾਰ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਦੇਣਾ ਚਾਹੁੰਦਾ ਹਾਂ ਤੇ ਜੋ ਲੋਕ ਮੇਰੇ ਲਈ ਹਮਦਰਦੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕੁਝ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ। ਅਜੇ ਤਾਂ ਮੈਂ ਲੋਕਾਂ ਨੂੰ ਹੋਰ ਹਸਾਉਣਾ ਹੈ। ਇਸ ਤੋਂ ਜ਼ਿਆਦਾ ਮੈਂ ਹੋਰ ਆਪਣੇ ਜਿਊਂਦਾ ਰਹਿਣ ਦਾ ਸਬੂਤ ਨਹੀਂ ਦੇ ਸਕਦਾ। ਤੁਸੀਂ ਸਿਹਤਮੰਦ ਰਹੋ, ਮਸਤ ਰਹੋ ਤੇ ਸਭ ਲੋਕ ਸਿਹਤਮੰਦ ਰਹਿਣ।’’

ਦੱਸ ਦੇਈਏ ਕਿ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਸੁਰਿੰਦਰ ਸ਼ਰਮਾ ਪੰਜਾਬ ਦੇ ਉੱਘੇ ਕਲਾਕਾਰ ਸਨ। ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ’ਚ ਆਪਣੀ ਕਾਮੇਡੀ ਕਰਕੇ ਜਾਣਿਆ ਜਾਂਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News