‘ਜਬਰ-ਜ਼ਨਾਹ ਬੰਦ ਕਰੋ’, ਟਾਪਲੈੱਸ ਹੋ ਕੇ ਕਾਨਸ 2022 ਦੇ ਰੈੱਡ ਕਾਰਪੇਟ ’ਤੇ ਚੀਖੀ ਮਹਿਲਾ
Saturday, May 21, 2022 - 04:26 PM (IST)
ਮੁੰਬਈ (ਬਿਊਰੋ)– ਕਾਨਸ ਫ਼ਿਲਮ ਫੈਸਟੀਵਲ 2022 ਦੇ ਰੈੱਡ ਕਾਰਪੇਟ ’ਤੇ ਇਕ ਮਹਿਲਾ ਨੇ ਹੰਗਾਮਾ ਮਚਾ ਦਿੱਤਾ। ਇਹ ਹੰਗਾਮਾ ਉਦੋਂ ਮਚਿਆ, ਜਦੋਂ ਕਾਨਸ ਦੇ ਰੈੱਡ ਕਾਰਪੇਟ ’ਤੇ ਇਕ ਮਹਿਲਾ ਆਈ ਤੇ ਟਾਪਲੈੱਸ ਹੋ ਕੇ ਚੀਖਣ ਲੱਗੀ। ਇਸ ਮਹਿਲਾ ਨੇ ਆਪਣੇ ਸਰੀਰ ’ਤੇ ਯੂਕਰੇਨ ਦੇ ਝੰਡੇ ਦੇ ਰੰਗ ’ਚ ਪੇਂਟ ਕੀਤਾ ਹੋਇਆ ਸੀ। ਉਸ ਨੇ ਆਪਣੇ ਸਰੀਰ ’ਤੇ ਲਿਖਿਆ ਸੀ, ‘‘ਸਾਡਾ ਜਬਰ-ਜ਼ਨਾਹ ਕਰਨਾ ਬੰਦ ਕਰੋ।’’
75ਵੇਂ ਕਾਨਸ ਫ਼ਿਲਮ ਫੈਸਟੀਵਲ ’ਚ ਹਾਲੀਵੁੱਡ ਅਦਾਕਾਰ ਟਿਲਡਾ ਸਵਿੰਟਨ ਤੇ ਇਦਰੀਸ ਏਲਬਾ ਆਪਣੀ ਨਵੀਂ ਫ਼ਿਲਮ ‘ਥ੍ਰੀ ਥਾਊਸੈਂਡ ਯੀਅਰਸ ਆਫ ਲੌਂਗਿੰਗ’ ਦੇ ਪ੍ਰੀਮੀਅਰ ਲਈ ਪਹੁੰਚੇ ਸਨ। ਇਸ ਵਿਚਾਲੇ ਅਣਪਛਾਤੀ ਮਹਿਲਾ ਨੇ ਆ ਕੇ ਚੀਖਣਾ ਸ਼ੁਰੂ ਕਰ ਦਿੱਤਾ। ਮਹਿਲਾ ਨੇ ਯੂਕਰੇਨ ਦੇ ਝੰਡੇ ਦੇ ਰੰਗਾਂ ਨੂੰ ਆਪਣੇ ਸਰੀਰ ’ਤੇ ਪੇਂਟ ਕੀਤਾ ਸੀ। ਨਾਲ ਹੀ ਰੈੱਡ ਕਲਰ ਦੇ ਅੰਡਰਪੈਂਟਸ ਪਹਿਨੇ ਸਨ, ਜਿਨ੍ਹਾਂ ’ਤੇ ਲਾਲ ਨਿਸ਼ਾਨ ਬਣੇ ਸਨ। ਮਹਿਲਾ ਕਾਰਨ ਰੈੱਡ ਕਾਰਪੇਟ ’ਤੇ ਲੋਕ ਰੋਕੇ ਗਏ। ਇਸ ਤੋਂ ਬਾਅਦ ਸਕਿਓਰਿਟੀ ਨੇ ਉਸ ਨੂੰ ਕਾਲੇ ਰੰਗ ਦੀ ਜੈਕੇਟ ’ਚ ਢਕਿਆ ਤੇ ਆਪਣੇ ਨਾਲ ਲੈ ਗਏ।
ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਅਸਲ ’ਚ ਯੂਕਰੇਨ ਦੀ ਇਕ ਐਕਟੀਵਿਸਟ ਸੀ। ਯੂਕਰੇਨ ਤੇ ਰੂਸ ਵਿਚਾਲੇ ਕਈ ਮਹੀਨਿਆਂ ਤੋਂ ਯੁੱਧ ਚੱਲ ਰਿਹਾ ਹੈ। ਇਸ ਵਿਚਾਲੇ ਯੂਕਰੇਨ ਦੀਆਂ ਮਹਿਲਾਵਾਂ ਦੇ ਜਬਰ-ਜ਼ਨਾਹ ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਪਿਛਲੇ ਮਹੀਨੇ ਦੀ ਜਾਂਚ ’ਚ ਕਈ ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਆਏ ਹਨ। ਰੂਸੀ ਫੌਜੀ ਮਹਿਲਾਵਾਂ ਦੇ ਨਾਲ-ਨਾਲ ਛੋਟੇ ਬੱਚਿਆਂ ਦਾ ਵੀ ਯੌਨ ਸ਼ੋਸ਼ਣ ਕਰ ਰਹੇ ਹਨ।
ਇਸ ਸਾਲ ਕਾਨਸ ਫ਼ਿਲਮ ਫੈਸਟੀਵਲ ’ਚ ਯੁੱਧ ਇਕ ਵੱਡੀ ਥੀਮ ਹੈ। 19 ਮਈ ਨੂੰ ਕਾਸ 2022 ’ਚ Mariupolis 2 ਨਾਂ ਦੀ ਡਾਕੂਮੈਂਟਰੀ ਨੂੰ ਦਿਖਾਇਆ ਗਿਆ ਸੀ। ਇਸ ਨੂੰ Mantas Kvedaravicius ਨਾਂ ਦੇ ਲਿਥੁਆਨੀਅਨ ਡਾਇਰੈਕਟਰ ਨੇ ਬਣਾਇਆ ਸੀ। Mantas ਨੂੰ ਰੂਸੀ ਫੌਜੀਆਂ ਨੇ ਪਿਛਲੇ ਮਹੀਨੇ ਯੂਕਰੇਨ ’ਚ ਮਾਰ ਦਿੱਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।