ਗਰੀਬ ਪਰਿਵਾਰ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ, ਬੱਚਿਆਂ ਨੂੰ ਅਨਾਥ ਹੋਣ ਤੋਂ ਬਚਾਇਆ

01/09/2021 4:46:02 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਲੋਕਾਂ ਤੱਕ ਮਦਦ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ। ਹੁਣ ਕਹਿਣ ਨੂੰ ਕੋਰੋਨਾ ਦੇ ਮਾਮਲੇ ਘੱਟ ਹਨ, ਪ੍ਰਵਾਸੀ ਮਜ਼ਦੂਰਾਂ ਦੀ ਪ੍ਰਵਾਸ ਸਮੱਸਿਆ ਖ਼ਤਮ ਹੋ ਚੁੱਕੀ ਹੈ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਸੋਨੂੰ ਸੂਦ ਹਰ ਲੋੜਵੰਦ ਤੱਕ ਮਦਦ ਪਹੁੰਚਾ ਰਹੇ ਹਨ। ਉਹ ਹਾਲੇ ਵੀ ਹਰ ਗਰੀਬ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਦਾ ਕੰਮ ਕਰ ਰਹੇ ਹਨ। ਸੋਨੂੰ ਸੂਦ ਵਲੋਂ ਮੁੜ ਤੋਂ ਇਕ ਪਰਿਵਾਰ ਦੀ ਜ਼ਿੰਦਗੀ ’ਚ ਖ਼ੁਸ਼ੀਆਂ ਭਰ ਦਿੱਤੀਆਂ ਗਈਆਂ ਹਨ।

ਬੱਚਿਆਂ ਨੂੰ ਸਤਾਉਣ ਲੱਗਾ ਅਨਾਥ ਹੋਣ ਦਾ ਡਰ
ਸੋਸ਼ਲ ਮੀਡੀਆ ’ਤੇ ਇਕ ਪੀੜਤ ਪਰਿਵਾਰ ਦਾ ਟਵੀਟ ਵਾਇਰਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਮਾਂ ਕੈਂਸਰ ਨਾਲ ਲੜ ਰਹੀ ਹੈ ਅਤੇ ਬੱਚਿਆਂ ਨੂੰ ਅਨਾਥ ਹੋਣ ਦਾ ਡਰ ਸਤਾ ਰਿਹਾ ਹੈ। ਟਵੀਟ ’ਚ ਲਿਖਿਆ ਹੈ, ‘ਸਰ ਇਕ ਗਰੀਬ ਪਰਿਵਾਰ ਜਿਸ ’ਚ ਇਕ ਧੀ, ਇਕ ਪੁੱਤਰ, ਪਾਪਾ ਅਤੇ ਮਾਂ ਹੈ। ਮਾਂ ਬੇਚਾਰੀ ਨੂੰ ਕੈਂਸਰ ਹੋ ਗਿਆ ਹੈ ਤੇ ਪਰਿਵਾਰ ਕੋਲ ਇਲਾਜ ਲਈ ਪੈਸੇ ਨਹੀਂ ਹਨ। ਕੀ ਇਹ ਮਾਂ ਹੁਣ ਜੀ ਸਕੇਗੀ ਜਾਂ ਫ਼ਿਰ ਹੁਣ ਬੱਚੇ ਅਨਾਥ ਹੋ ਜਾਣਗੇ। ਕਿਰਪਾ ਕਰਕੇ ਇਨ੍ਹਾਂ ਦੀ ਸਹਾਇਤਾ ਕਰ ਦਿਓ। ਤੁਸੀਂ ਹੀ ਉਨ੍ਹਾਂ ਦੇ ਭਗਵਾਨ ਹੋ। ਇਸ ਭਾਵੁਕ ਅਪੀਲ ਤੋਂ ਬਾਅਦ ਸੋਨੂੰ ਸੂਦ ਨੇ ਤੁਰੰਤ ਪਰੇਸ਼ਾਨੀ ਦੀ ਗੰਭੀਰਤਾ ਨੂੰ ਸਮਝਿਆ ਅਤੇ ਉਸ ਮਾਂ ਦਾ ਇਲਾਜ ਕਰਵਾਉਣ ਦੀ ਠਾਣ ਲਈ। 

ਸੋਨੂੰ ਸੂਦ ਨੇ ਕੀਤੀ ਮਦਦ
ਸੋਨੂੰ ਸੂਦ ਨੇ ਟਵੀਟ ਕਰਕੇ ਨਾ ਸਿਰਫ਼ ਉਸ ਪਰਿਵਾਰ ਦੀ ਹਿੰਮਤ ਵਧਾਈ ਸਗੋ ਕੈਂਸਰ ਨਾਲ ਜੂਝ ਰਹੀ ਮਾਂ ਨੂੰ ਚੰਗੇ ਇਲਾਜ ਦਾ ਵੀ ਵਿਸ਼ਵਾਸ਼ ਦਿੱਤਾ। ਸੋਨੂੰ ਸੂਦ ਨੇ ਕਿਹਾ, ‘ਕੋਈ ਅਨਾਥ ਨਹੀਂ ਹੋਵੇਗਾ। 11 ਜਨਵਰੀ ਓ. ਪੀ. ਡੀ. ਫਿਕਸ ਕੀਤੀ ਹੈ ਦਿੱਲੀ ’ਚ।’ ਸੋਨੂੰ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇੰਨੇ ਸੌਖੇ ਤਰੀਕੇ ਨਾਲ ਮਦਦ ਕਰ ਦੇਣ, ਤੁਰੰਤ ਕਿਸੇ ਦੇ ਖ਼ਾਤੇ ’ਚ ਪੈਸੇ ਪਾ ਦੇਣੇ, ਇਹ ਸਭ ਵੇਖ ਕੇ ਕਈ ਪ੍ਰਸ਼ੰਸਕ ਹੈਰਾਨ ਰਹਿ ਗਏ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਸੂਦ ਨੇ ਉਮੀਦ ਤੋਂ ਵਧ ਕੇ ਅਤੇ ਲੋੜ ਤੋਂ ਜ਼ਿਆਦਾ ਕਿਸੇ ਦੀ ਮਦਦ ਕੀਤੀ ਹੋਵੇ। ਉਹ ਹਮੇਸ਼ਾ ਦੂਜਿਆਂ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


 


sunita

Content Editor

Related News