ਸੁਨੰਦਾ ਦੇ ਗੀਤ 'ਚ ਫੌਜੀ ਬਣਨ ਤੋਂ ਬਾਅਦ ਹੁਣ ਸੋਨੂੰ ਸੂਦ ਬਣੇ ਦਰਜ਼ੀ (ਵੀਡੀਓ)
Sunday, Jan 17, 2021 - 10:36 AM (IST)
ਮੁੰਬਈ (ਬਿਊਰੋ) - ਸੋਨੂੰ ਸੂਦ ਬਾਲੀਵੁੱਡ ਦਾ ਇਕ ਚਰਚਿਤ ਚਿਹਰਾ ਬਣ ਚੁੱਕਿਆ ਹੈ। ਸੋਨੂੰ ਸੂਦ ਅੱਜ ਕੱਲ ਕਾਫ਼ੀ ਸੁਰਖ਼ੀਆਂ 'ਚ ਰਹਿੰਦੇ ਹਨ। ਪੰਜਾਬੀ ਗਾਇਕ ਸੁਨੰਦਾ ਸ਼ਰਮਾ ਨਾਲ ਗੀਤ 'ਚ ਫ਼ੀਚਰ ਕਰਨ ਤੋਂ ਬਾਅਦ ਹੁਣ ਸੋਨੂੰ ਸੂਦ ਦਰਜ਼ੀ ਬਣ ਗਏ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਿਲਾਈ ਮਸ਼ੀਨ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ 'Sonu sood tailoring shop।ਇਥੇ ਫ੍ਰੀ 'ਚ ਸਿਲਾਈ ਕੀਤੀ ਜਾਂਦੀ ਹੈ, ਪੈਂਟ ਦੀ ਜਗ੍ਹਾ ਨਿੱਕਰ ਬਣ ਜਾਵੇ ਤਾਂ ਇਸ 'ਚ ਸਾਡੀ ਕੋਈ ਗਰੰਟੀ ਨਹੀਂ।'
ਦੱਸ ਦਈਏ ਕਿ ਸੋਨੂੰ ਸੂਦ ਦੀ ਇਹ ਵੀਡੀਓ ਫ਼ਿਲਮ ਦੇ ਸੈੱਟ ਦੀ ਹੈ, ਜਿਥੇ ਉਹ ਸੈੱਟ 'ਤੇ ਮੌਜੂਦ ਹੋਣ ਵਾਲੇ ਟੇਲਰ ਦੀ ਸਿਲਾਈ ਮਸ਼ੀਨ ਚਲਾਉਂਦੇ ਨਜ਼ਰ ਆਏ। ਸੋਨੂੰ ਦੀ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਨੂੰ ਹੋਰ ਕੰਮ ਮਿਲੇ ਜਾਂ ਨਾ ਮਿਲੇ ਪਰ ਉਨ੍ਹਾਂ ਨੂੰ ਇਕ ਸਿਲਾਈ ਮਸ਼ੀਨ ਦੀ ਐਡ 'ਚ ਕੰਮ ਜ਼ਰੂਰ ਮਿਲ ਜਾਵੇਗਾ। ਸੋਨੂੰ ਸੂਦ ਦੀ ਇਹ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਹਾਲ ਹੀ 'ਚ ਸੋਨੂੰ ਸੂਦ ਦਾ ਸੁਨੰਦਾ ਸ਼ਰਮਾ ਨਾਲ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸੋਨੂੰ ਸੂਦ ਨੇ ਇਕ ਫੌਜੀ ਦੀ ਭੂਮਿਕਾ ਨਿਭਾਈ ਹੈ।ਇਸ ਗੀਤ 'ਚ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੀ ਸ਼ਾਨਦਾਰ ਕੈਮਿਸਟਰੀ ਵੇਖਣ ਨੂੰ ਮਿਲੀ।
ਦੱਸਣਯੋਗ ਹੈ ਕਿ ਕੋਰੋਨਾ ਤਾਲਾਬੰਦੀ ਦੌਰਾਨ ਸੋਨੂੰ ਸੂਦ ਨੇ ਕਈ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ। ਭਾਵੇ ਫ਼ਿਲਮਾਂ 'ਚ ਸੋਨੂੰ ਸੂਦ ਨੇ ਵਿਲੇਨ ਦੇ ਕਿਰਦਾਰ ਜ਼ਿਆਦਾ ਕੀਤੇ ਹਨ ਪਰ ਅਸਲ ਜ਼ਿੰਦਗੀ 'ਚ ਉਹ ਕਿਸੇ ਹੀਰੋ ਤੋਂ ਘਟ ਨਹੀਂ ਹਨ। ਹੁਣ ਵੀ ਸੋਨੂੰ ਸੂਦ ਜ਼ਰੂਰਤਮੰਦਾਂ ਦੀ ਮਦਦ ਦਾ ਕੋਈ ਵੀ ਮੌਕਾ ਨਹੀਂ ਛੱਡਦੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।