16 ਤੋਂ 40 ਸਾਲ ਦੇ ਲੋਕਾਂ ਨੂੰ ਵੈਕਸੀਨ ਨਾ ਲੱਗਣ ’ਤੇ ਆਲੀਆ ਭੱਟ ਦੀ ਮਾਂ ਨੇ ਚੁੱਕੇ ਸਵਾਲ, ਹੋਈ ਟਰੋਲ
Wednesday, Mar 24, 2021 - 06:41 PM (IST)
ਮੁੰਬਈ (ਬਿਊਰੋ)– ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਟੀਕਾਕਰਣ ’ਚ ਤੇਜ਼ੀ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਟੀਕਾਕਰਣ ’ਚ ਉਮਰ ਹੱਦ ਨੂੰ ਲੈ ਕੇ ਵੀ ਕੁਝ ਸਵਾਲ ਉਠੇ ਹਨ। ਅਦਾਕਾਰਾ ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਇਸ ਨੂੰ ਲੈ ਕੇ ਸਵਾਲ ਕੀਤਾ ਹੈ। ਸੋਨੀ ਦਾ ਕਹਿਣਾ ਹੈ ਕਿ 45 ਪਾਰ ਦੇ ਲੋਕਾਂ ਨੂੰ ਪਹਿਲਾਂ ਵੈਕਸੀਨ ਕਿਉਂ ਦਿੱਤੀ ਜਾ ਰਹੀ ਹੈ ਤੇ ਨੌਜਵਾਨਾਂ ਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ ਹੈ। 16 ਤੋਂ 40 ਸਾਲ ਦੇ ਲੋਕਾਂ ਨੂੰ ਵੀ ਟੀਕਾ ਲਗਾਇਆ ਜਾਵੇ। ਇਸ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਸੋਨੀ ਨੂੰ ਕਈ ਲੋਕ ਟਰੋਲ ਵੀ ਕਰ ਰਹੇ ਹਨ।
ਸੋਨੀ ਰਾਜ਼ਦਾਨ ਅਕਸਰ ਸੋਸ਼ਲ ਮੀਡੀਆ ’ਤੇ ਆਪਣੀ ਰਾਏ ਰੱਖਦੀ ਰਹਿੰਦੀ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਉਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਟਵਿਟਰ ’ਤੇ ਟੈਗ ਕਰਦਿਆਂ ਲਿਖਿਆ, ‘16 ਤੋਂ 40 ਦੀ ਉਮਰ ਦੇ ਲੋਕ ਕਿਸੇ ਪਾਸੇ ਲਗਾਤਾਰ ਕੰਮ ਲਈ ਬਾਹਰ ਨਿਕਲ ਰਹੇ ਹਨ। ਦਫ਼ਤਰਾਂ, ਬਾਰ ਤੇ ਨਾਈਟ ਕਲੱਬ ’ਚ ਕੰਮ ਕਰ ਰਹੇ ਹਨ। ਮਾਸਕ ਦੀ ਸਾਵਧਾਨੀ ਵੀ ਜ਼ਿਆਦਾਤਰ ਨਹੀਂ ਦਿਖ ਰਹੀ ਹੈ। ਅਜਿਹੇ ’ਚ ਇਹ ਸਮਝ ਤੋਂ ਪਰ੍ਹੇ ਹੈ ਕਿ ਇਸ ਉਮਰ ਦੇ ਲੋਕਾਂ ਨੂੰ ਪਹਿਲਾਂ ਟੀਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ।’
When it’s really the 16 to 40 age group that’s ‘socialising’ going out to work, bars, nightclubs etc (the last 2 without masks mostly) just can’t understand why they aren’t getting the vaccine first 🙈 @uddhavthackeray @AUThackeray
— Soni Razdan (@Soni_Razdan) March 24, 2021
ਇਸ ਟਵੀਟ ਨੂੰ ਲੈ ਕੇ ਕਈ ਲੋਕਾਂ ਨੇ ਸੋਨੀ ਦੀ ਸੋਚ ’ਤੇ ਸਵਾਲ ਚੁੱਕੇ ਤੇ ਕਿਹਾ ਕਿ ਫੇਜ਼ ’ਚ ਕੰਮ ਕਿਉਂ ਕੀਤੇ ਜਾਂਦੇ ਹਨ, ਇਹ ਪੜ੍ਹ ਲਓ। ਇਕ ਹੋਰ ਯੂਜ਼ਰ ਨੇ ਕਿਹਾ ਕਿ ਕੀ ਸਾਰਿਆਂ ਨੂੰ ਇਕੱਠਿਆਂ ਵੈਕਸੀਨ ਸੰਭਵ ਹੈ? ਕੁਝ ਵੀ ਇੰਝ ਨਾ ਬੋਲੋ।
ਸੋਨੀ ਰਾਜ਼ਦਾਨ ਨੇ ਹਾਲ ਹੀ ’ਚ ਸਾਰੇ ਫ਼ਿਲਮ ਕਲਾਕਾਰਾਂ ਨੂੰ ਪਹਿਲ ਦੇ ਆਧਾਰ ’ਤੇ ਵੈਕਸੀਨ ਦੇਣ ਦੀ ਵੀ ਮੰਗ ਕੀਤੀ ਸੀ। ਸੋਨੀ ਨੇ ਕਿਹਾ ਕਿ ਕਲਾਕਾਰ ਮਾਸਕ ਨਹੀਂ ਪਹਿਨ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਲੱਗਣੀ ਚਾਹੀਦੀ ਹੈ।
ਨੋਟ– ਸੋਨੀ ਰਾਜ਼ਦਾਨ ਦੇ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।