PA ਸੁਧੀਰ ਸਾਂਗਵਾਨ ਨੇ ਕਬੂਲਿਆ ਜੁਰਮ, ਸਾਜ਼ਿਸ਼ ਰਚ ਕੇ ਕੀਤਾ ਸੀ ਕਤਲ

09/03/2022 4:30:58 PM

ਨਵੀਂ ਦਿੱਲੀ (ਬਿਊਰੋ) - ਸੋਸ਼ਲ ਮੀਡੀਆ ਸਟਾਰ ਅਤੇ ਬੀ. ਜੇ. ਪੀ. ਨੇਤਾ ਰਹੀ ਸੋਨਾਲੀ ਫੋਗਾਟ ਕਤਲ ਕੇਸ ਵਿਚ ਇਕ ਨਵਾਂ ਖ਼ੁਲਾਸਾ ਹੋਇਆ ਹੈ। ਗੋਆ ਪੁਲਸ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸੋਨਾਲੀ ਫੋਗਾਟ ਦੇ ਪੀ. ਏ. ਸੁਧੀਰ ਸਾਂਗਵਾਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਕਿਹਾ ਹੈ ਕਿ ਸੋਨਾਲੀ ਦਾ ਕਤਲ ਇਕ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਗੋਆ ਪੁਲਸ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੁਧੀਰ ਸਾਂਗਵਾਨ ਨੇ ਸਖ਼ਤ ਹਿਰਾਸਤੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਸੋਨਾਲੀ ਨੂੰ ਗੋਆ ਲਿਆਉਣ ਦੀ ਰਚੀ ਗਈ ਸੀ ਸਾਜ਼ਿਸ਼ 
ਪੁਲਸ ਦੀ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਸੁਧੀਰ ਸਾਂਗਵਾਨ ਨੇ ਸਾਜ਼ਿਸ਼ ਦੀ ਗੱਲ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਸੋਨਾਲੀ ਫੋਗਾਟ ਨੂੰ ਗੁੜਗਾਓਂ ਤੋਂ ਗੋਆ ਲਿਆਉਣ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਗੋਆ ਵਿਚ ਗੋਲੀ ਚਲਾਉਣ ਦੀ ਕੋਈ ਯੋਜਨਾ ਨਹੀਂ ਸੀ, ਇਸ ਨੂੰ ਗੋਆ ਲਿਆਉਣ ਦੀ ਸਾਜ਼ਿਸ਼ ਸੀ।

ਇੰਝ ਰਚੀ ਸੀ ਸੋਨਾਲੀ ਦੇ ਕਤਲ ਦੀ ਸਾਜ਼ਿਸ਼
ਗੋਆ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾਲੀ ਫੋਗਾਟ ਨੂੰ ਮਾਰਨ ਦੀ ਸਾਜ਼ਿਸ਼ ਕਾਫੀ ਪਹਿਲਾਂ ਤੋਂ ਰਚੀ ਗਈ ਸੀ। ਇਸ ਵੱਡੇ ਖ਼ੁਲਾਸੇ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਛੇਤੀ ਹੀ ਚਾਰਜਸ਼ੀਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਗੋਆ ਪੁਲਸ ਨੇ ਇਸ ਮਾਮਲੇ ਨਾਲ ਸਬੰਧਤ ਜ਼ਿਆਦਾਤਰ ਜ਼ਰੂਰੀ ਦਸਤਾਵੇਜ਼ ਬਰਾਮਦ ਕਰ ਲਏ ਹਨ, ਜੋ ਕਿ ਸੁਧੀਰ ਸਾਂਗਵਾਨ ਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਹਨ। ਗੋਆ ਪੁਲਸ ਦਾ ਦਾਅਵਾ ਹੈ ਕਿ ਇਕੱਠੇ ਕੀਤੇ ਗਏ ਸਬੂਤ ਅਦਾਲਤ ਵਿਚ ਸੁਧੀਰ ਸਾਂਗਵਾਨ ਨੂੰ ਦੋਸ਼ੀ ਠਹਿਰਾਉਣ ਵਿਚ ਕਾਫੀ ਹੱਦ ਤਕ ਅੱਗੇ ਵਧਣਗੇ।

ਅੱਜ ਜਾ ਸਕਦੀ ਹੈ ਗੋਆ ਪੁਲਸ ਸੁਧੀਰ ਦੇ ਘਰ 
ਇਸ ਦੌਰਾਨ ਖ਼ਬਰ ਹੈ ਕਿ ਗੋਆ ਪੁਲਸ ਕੁਝ ਅਹਿਮ ਜਾਂਚ ਲਈ ਸੁਧੀਰ ਸਾਂਗਵਾਨ ਦੇ ਘਰ ਵੀ ਜਾ ਸਕਦੀ ਹੈ। ਸੁਧੀਰ ਸਾਂਗਵਾਨ ਦਾ ਘਰ ਰੋਹਤਕ 'ਚ ਹੈ, ਜਿੱਥੇ ਗੋਆ ਪੁਲਿਸ ਅੱਜ ਪੁੱਛਗਿੱਛ ਲਈ ਜਾ ਸਕਦੀ ਹੈ। ਸੋਨਾਲੀ ਫੋਗਾਟ ਦੇ ਭਰਾਵਾਂ ਵਤਨ ਢਾਕਾ ਤੇ ਰਿੰਕੂ ਢਾਕਾ ਨੇ ਦੱਸਿਆ ਕਿ ਉਨ੍ਹਾਂ ਨੇ ਗੋਆ ਪੁਲਸ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਅੱਜ ਰੋਹਤਕ ਸਥਿਤ ਸੁਧੀਰ ਸਾਂਗਵਾਨ ਦੇ ਘਰ ਪੁੱਛਗਿੱਛ ਲਈ ਜਾਣਗੇ। ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਸੋਨਾਲੀ ਫੋਗਾਟ ਦੀ ਗੋਆ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। ਸੋਨਾਲੀ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
 


sunita

Content Editor

Related News