ਪੁੱਤਰ ਆਰੀਅਨ ਦੀ ਰਿਹਾਈ ਤੋਂ ਬਾਅਦ ਵਿਦੇਸ਼ੀ ਮੀਡੀਆ ਨੇ ਸ਼ਾਹਰੁਖ ਨੂੰ ਦਿੱਤਾ ਇਹ ਆਫਰ
Friday, Nov 12, 2021 - 03:04 PM (IST)
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਜੇਲ੍ਹ ਤੋਂ ਰਿਹਾਅ ਹੋਏ 10 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਸ਼ਾਹਰੁਖ਼ ਨੇ ਹੁਣ ਤੱਕ ਇਸ ਬਾਰੇ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਕਿੰਗ ਖ਼ਾਨ ਦੇ ਪਰਿਵਾਰ ਵੱਲੋਂ ਕੋਈ ਪ੍ਰਤੀਕੀਰਿਆ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਫਿਲਹਾਲ ਸ਼ਾਹਰੁਖ ਖ਼ਾਨ ਪੂਰੀ ਤਰ੍ਹਾਂ ਚੁੱਪ ਹਨ ਅਤੇ ਚੁੱਪ ਹੀ ਰਹਿਣਾ ਚਾਹੁੰਦੇ ਹਨ।
ਬਾਲੀਵੁੱਡ ਹੰਗਾਮਾ ਨਾਲ ਗੱਲ ਕਰਦੇ ਹੋਏ ਸ਼ਾਹਰੁਖ ਖ਼ਾਨ ਦੇ ਕਰੀਬੀ ਨੇ ਦੱਸਿਆ, ‘ਸ਼ਾਹਰੁਖ ਨੂੰ ਉਨ੍ਹਾਂ ਦੇ ਪੁੱਤਰ ਨਾਲ ਕੀ ਹੋਇਆ, ਇਸ ਉੱਤੇ ਗੱਲ ਕਰਨ ਲਈ ਕਈ ਆਕਰਸ਼ਕ ਆਫ਼ਰਸ ਮਿਲੇ ਹਨ। ਇਨਾਂ ਵਿਚੋਂ ਕੁਝ ਆਫ਼ਰ ਕੌਮਾਂਤਰੀ ਮੀਡਿਆ ਤੋਂ ਵੀ ਆਏ ਅਤੇ ਸਗੋਂ ਉਹ ਇਸ ਸਬੰਧੀ ਗੱਲ ਕਰਨ ਲਈ ਕੁਝ ਆਫਰ ਵੀ ਕਰਨ ਲਈ ਤਿਆਰ ਹਨ ਪਰ ਇਸ ਵਾਰ ਸ਼ਾਹਰੁਖ ਖ਼ਾਨ ਕੋਲ ਕਹਿਣ ਲਈ ਕੁਝ ਨਹੀਂ ਹੈ, ਜਾਂ ਇਵੇਂ ਕਹੋ ਕਿ ਉਹ ਕੁਝ ਨਹੀਂ ਕਹਿਣਗੇ। ਹਾਲਾਂਕਿ ਉਨ੍ਹਾਂ ਕੋਲ ਕਹਿਣ ਲਈ ਬਹੁਤ ਕੁਝ ਹੈ।
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਿੱਥੇ ਹਨ ਆਰੀਆਨ ਖ਼ਾਨ?
ਆਰੀਅਨ ਦੇ ਇਕ ਕਰੀਬੀ ਦੋਸਤ ਨੇ ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਵਿਚ ਦੱਸਿਆ ਕਿ ਸ਼ਾਹਰੁਖ ਖ਼ਾਨ ਦੇ ਪੁੱਤਰ ਨੇ ਖ਼ੁਦ ਨੂੰ ਬਹੁਤ ਸੀਮਤ ਕਰ ਲਿਆ ਹੈ, ਨਾ ਤਾਂ ਉਹ ਕਿਸੇ ਨਾਲ ਜ਼ਿਆਦਾ ਗੱਲ ਕਰ ਰਿਹਾ ਹੈ ਅਤੇ ਨਾ ਹੀ ਕਿਸੇ ਨਾਲ ਮਿਲ ਰਿਹਾ ਹੈ। ਦੋਸਤ ਦੇ ਮੁਤਾਬਕ ‘ਆਰੀਅਨ ਕਿਸੇ ਨਾਲ ਵੀ ਜ਼ਿਆਦਾ ਗੱਲ ਨਹੀਂ ਕਰ ਰਿਹਾ। ਜ਼ਿਆਦਾਤਰ ਉਹ ਆਪਣੇ ਕਮਰੇ ਵਿਚ ਹੀ ਰਹਿੰਦਾ ਹੈ, ਨਾ ਬਾਹਰ ਜਾਂਦਾ ਹੈ ਨਾ ਘੁੰਮਦਾ ਫਿਰਦਾ ਹੈ। ਇੱਥੇ ਤੱਕ ਕਿ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਉਹ ਆਪਣੇ ਦੋਸਤਾਂ ਨਾਲ ਮਿਲਣ ਵੀ ਬਾਹਰ ਨਹੀਂ ਜਾ ਰਿਹਾ ਹੈ। ਆਰੀਅਨ ਪਹਿਲਾਂ ਤੋਂ ਹੀ ਬਹੁਤ ਸ਼ਾਂਤ ਰਹਿਣ ਵਾਲਾ ਮੁੰਡਾ ਸੀ, ਉੱਤੋ ਹੁਣ ਉਹ ਹੋਰ ਸ਼ਾਂਤ ਹੋ ਗਿਆ ਹੈ। ਆਰੀਅਨ ਨੂੰ ਜ਼ਮਾਨਤ ਮਿਲੇ ਹਫ਼ਤਾ ਬੀਤ ਚੁੱਕਾ ਹੈ ਪਰ ਉਹ ਹੁਣ ਵੀ ਉਨ੍ਹਾਂ ਸਭ ਚੀਜਾਂ ਤੋਂ ਬਾਹਰ ਨਹੀਂ ਆ ਪਾਇਆ ਹੈ।