ਦੁਖਦ ਖ਼ਬਰ: ਓਮਾਨ 'ਚ ਟ੍ਰੈਕਿੰਗ ਦੌਰਾਨ ਮਸ਼ਹੂਰ ਗਾਇਕਾ ਦੀ ਭੈਣ ਦੀ ਮੌਤ, 25 ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ
Tuesday, Jan 06, 2026 - 10:28 AM (IST)
ਮੁੰਬਈ: ਭਾਰਤੀ ਪਲੇਬੈਕ ਗਾਇਕਾ ਚਿਤ੍ਰਾ ਅਈਅਰ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਗਾਇਕਾ ਦੀ 54 ਸਾਲਾ ਭੈਣ, ਸ਼ਾਰਦਾ ਅਈਅਰ, ਦੀ ਓਮਾਨ ਦੇ ਜੇਬਲ ਸ਼ਮਸ ਇਲਾਕੇ ਵਿੱਚ ਟ੍ਰੈਕਿੰਗ ਦੌਰਾਨ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਦਰਦਨਾਕ ਹਾਦਸਾ 2 ਜਨਵਰੀ ਨੂੰ ਵਾਪਰਿਆ, ਜਿਸ ਨੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ: ਧੁਰੰਦਰ ਨਹੀਂ, ਇਹ ਹੈ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ! ਸਿਰਫ਼ 17 ਦਿਨਾਂ 'ਚ ਛਾਪ'ਤਾ 9500 ਕਰੋੜ
ਮੀਡੀਆ ਰਿਪੋਰਟਾਂ ਅਨੁਸਾਰ, ਓਮਾਨ ਏਅਰ ਦੀ ਸਾਬਕਾ ਮੈਨੇਜਰ ਰਹੀ ਸ਼ਾਰਦਾ ਅਈਅਰ ਅਲ ਦਖਿਲੀਆ ਗਵਰਨੋਰੇਟ ਦੇ ਵਾਦੀ ਘੁਲ (Wadi Ghul) ਇਲਾਕੇ ਵਿੱਚ ਟ੍ਰੈਕਿੰਗ ਲਈ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਇਲਾਕਾ ਆਪਣੀਆਂ ਖੜ੍ਹੀਆਂ ਚੱਟਾਨਾਂ ਅਤੇ ਪਥਰੀਲੇ ਰਸਤਿਆਂ ਲਈ ਜਾਣਿਆ ਜਾਂਦਾ ਹੈ, ਜੋ ਕਿ ਟ੍ਰੈਕਰਾਂ ਲਈ ਬਹੁਤ ਖਤਰਨਾਕ ਸਾਬਤ ਹੁੰਦੇ ਹਨ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ, ਪਰ ਮੁੱਢਲੀ ਜਾਣਕਾਰੀ ਮੁਤਾਬਕ ਉਹ ਟ੍ਰੈਕਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ।

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਕਹਿਰ
ਦੱਸਿਆ ਜਾ ਰਿਹਾ ਹੈ ਕਿ ਚਿਤ੍ਰਾ ਅਈਅਰ ਦੇ ਪਿਤਾ ਦਾ ਵੀ ਹਾਲ ਹੀ ਵਿੱਚ 11 ਦਸੰਬਰ ਨੂੰ ਦਿਹਾਂਤ ਹੋਇਆ ਸੀ। ਸ਼ਾਰਦਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤ ਆਈ ਸੀ ਅਤੇ 24 ਦਸੰਬਰ ਨੂੰ ਹੀ ਵਾਪਸ ਓਮਾਨ ਪਰਤੀ ਸੀ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੁਝ ਦਿਨਾਂ ਬਾਅਦ ਹੀ ਇਹ ਭਾਣਾ ਵਰਤ ਜਾਵੇਗਾ। ਸ਼ਾਰਦਾ ਦੀ ਮ੍ਰਿਤਕ ਦੇਹ ਨੂੰ ਓਮਾਨ ਤੋਂ ਕੇਰਲ ਲਿਆਂਦਾ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਉਨ੍ਹਾਂ ਦੀਆਂ ਅੰਤਿਮ ਰਸਮਾਂ 7 ਜਨਵਰੀ ਨੂੰ ਥਾਝਾਵਾ ਸਥਿਤ ਉਨ੍ਹਾਂ ਦੇ ਜੱਦੀ ਘਰ ਵਿੱਚ ਨਿਭਾਈਆਂ ਜਾਣਗੀਆਂ।
ਗਾਇਕਾ ਚਿਤ੍ਰਾ ਅਈਅਰ ਨੇ ਸਾਂਝਾ ਕੀਤਾ ਭਾਵੁਕ ਸੁਨੇਹਾ
ਆਪਣੀ ਭੈਣ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਚਿਤ੍ਰਾ ਅਈਅਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਮੇਰੀ ਸ਼ਰਾਰਤੀ ਛੋਟੀ ਭੈਣ! ਤੂੰ ਬਹੁਤ ਤੇਜ਼ ਭੱਜਦੀ ਹੈਂ, ਪਰ ਮੈਂ ਤੈਨੂੰ ਜਲਦੀ ਹੀ ਫੜ ਲਵਾਂਗੀ... ਮੈਂ ਵਾਅਦਾ ਕਰਦੀ ਹਾਂ"। ਉਨ੍ਹਾਂ ਨੇ ਆਪਣੀ ਭੈਣ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਉਸ ਦੀ ਆਵਾਜ਼ ਅਤੇ ਫੋਨ 'ਤੇ ਕੀਤੀਆਂ ਜਾਣ ਵਾਲੀਆਂ ਲਗਾਤਾਰ ਗੱਲਾਂ ਤੋਂ ਬਿਨਾਂ ਕਿਵੇਂ ਰਹਿ ਸਕੇਗੀ।
