ਪੰਜਾਬ 'ਚ ਆਏ ਹੜ੍ਹ ਵਿਚਾਲੇ ਜਿੰਮੀ ਸ਼ੇਰਗਿੱਲ ਨੇ ਸਾਂਝੀ ਕੀਤੀ ਭਾਵੁਕ ਪੋਸਟ
Tuesday, Sep 02, 2025 - 02:36 PM (IST)

ਐਂਟਰਟੇਨਮੈਂਟ ਡੈਸਕ- ਪੰਜਾਬ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਲੋਕਾਂ ਦੀ ਜ਼ਿੰਦਗੀ 'ਚ ਬਿਖਰ ਗਈ ਹੈ। ਹੜ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਦੂਜੀਆਂ ਥਾਵਾਂ 'ਤੇ ਜਾਣਾ ਪਿਆ।
ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਅਤੇ ਬਾਲੀਵੁੱਡ ਦੇ ਕਈ ਨਾਮੀ ਸਿਤਾਰਿਆਂ ਨੇ ਪੰਜਾਬ ਲਈ ਮਦਦ ਦਾ ਹੱਥ ਵਧਾਇਆ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਵੀ ਪੰਜਾਬ 'ਤੇ ਆਈ ਮੁਸ਼ਬਿਤ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਦੀ ਧਰਤੀ ਅੱਜ ਫਿਰ ਦੁੱਖਾਂ ਦੀਆਂ ਲਹਿਰਾਂ ਨਾਲ ਲੜ ਰਹੀ ਹੈ। ਹੜ੍ਹਾਂ ਦੇ ਪਾਣੀ ਨੇ ਕਈਆਂ ਦੇ ਘਰ ਉਜਾੜ ਦਿੱਤੇ, ਲੋਕ ਆਪਣੇ ਘਰ-ਬਾਰ ਛੱਡ ਕੇ ਬੇਬਸੀ 'ਚ ਕਿਤੇ ਹੋਰ ਜਾਣ ਲਈ ਮਜ਼ਬੂਰ ਹਨ। ਇਹ ਸਮਾਂ ਸਾਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਦੀ ਅਸਲੀ ਤਾਕਤ ਇਕ ਦੂਜੇ ਦਾ ਸਾਥ ਦੇਣ 'ਚ ਹੈ। ਜਿਹੜੇ ਭੈਣ-ਭਰਾ ਮੁਸੀਬਤ 'ਚ ਹਨ, ਉਹ ਸਾਡੇ ਹੀ ਪਰਿਵਾਰ ਹਨ। 'ਵਾਹਿਗੁਰੂ ਜੀ' ਆਪਣਾ ਮਿਹਰ ਭਰਿਆ ਹੱਥ ਸਭ ਉਤੇ ਰੱਖਣ। ਉਨ੍ਹਾਂ ਨੂੰ ਹੌਂਸਲਾ ਦੇਵੇ, ਦੁੱਖਾਂ ਤੋਂ ਬਚਾਏ। ਆਓ ਅਸੀਂ ਸਭ ਮਿਲ ਕੇ ਅਰਦਾਸ ਕਰੀਏ ਅਤੇ ਯੋਗਦਾਨ ਪਹੁੰਚਾਈਏ ਤਾਂ ਜੋ ਇਸ ਦੁੱਖ ਦੀ ਘੜੀ 'ਚ ਕੋਈ ਵੀ ਵੀਰ ਭਰਾ ਇਕੱਲਾ ਨਾ ਰਹੇ।