ਸਿੱਧੂ ਮੂਸੇਵਾਲਾ ਨੇ ਨਵੇਂ ਗੀਤ 'ਤੇ ਮਚੇ ਬਵਾਲ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ, ਆਖੀ ਇਹ ਗੱਲ

Thursday, Apr 14, 2022 - 02:04 PM (IST)

ਜਲੰਧਰ (ਬਿਊਰੋ)- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਦਰਦ ਇਕ ਗੀਤ ਰਾਹੀਂ ਜ਼ਾਹਿਰ ਕੀਤਾ, ਜਿਸ 'ਤੇ ਕਾਫੀ ਬਵਾਲ ਮਚਿਆ। ਸਿੱਧੂ ਮੂਸੇਵਾਲਾ ਨੇ ਆਪਣੇ ਹੀ ਅੰਦਾਜ਼ 'ਚ ਗੀਤ ਜਾਰੀ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ 'ਤੇ ਚੁੱਪੀ ਤੋੜੀ ਹੈ। ਗਾਇਕ ਨੇ ਇਸ ਗੀਤ ਰਾਹੀਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦੇ ਆਪਣੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ  ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ।
ਇਸ ਗੀਤ 'ਤੇ ਮਚੇ ਬਵਾਲ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਸਵਾਲ ਪੁੱਛਿਆ, 'ਕਿਸੇ ਨੂੰ ਗੱਦਾਰ ਨਹੀਂ ਕਿਹਾ', ਪਰ ਫਿਰ ਵੀ ਜੇਕਰ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਮੂਸੇਵਾਲਾ ਨੇ ਆਪ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਹਿਮ ਮਸਲੇ ਛੱਡ ਕੇ ਮੇਰੇ ਗੀਤ 'ਤੇ ਪੀਸੀ ਕੀਤੀ ਅਤੇ ਮੈਨੂੰ ਮੁਆਫੀ ਮੰਗਣ ਲਈ ਕਿਹਾ। ਗਾਇਕ ਨੇ ਇਸ 'ਤੇ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਦਾ ਸੁਧਾਰ ਮੁਆਫ਼ੀ ਮੰਗਣ ਨਾਲ ਹੁੰਦਾ ਹੈ ਤਾਂ ਮੁਆਫੀ ਮੰਗਦਾ ਹਾਂ।

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਆਰਮ ਐਕਟ ਵਾਲੇ ਬਿਆਨ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਕਹਿ ਰਹੇ ਸਨ ਕਿ ਆਰਮ ਐਕਟ ਵਾਲਾ ਕੇਸ ਮੁੜ ਖੋਲ੍ਹਿਆ ਜਾਵੇਗਾ, ਗਾਇਕ ਨੇ ਕਿਹਾ ਕਿ ਤਿੰਨ ਸਾਲ ਹੋ ਗਏ ਸਾਨੂੰ ਜੂਝਦਿਆਂ ਨੂੰ ਉਸ ਦਾ ਨਾ ਅਜੇ ਕੁਝ ਹੋਇਆ, ਨਾ ਚਲਾਨ ਪੇਸ਼ ਹੋਏ ਹਨ ਮੈਂ ਤਾਂ ਖੁਦ ਕਹਿ ਰਿਹਾ ਹਾਂ ਕਿ ਖਤਮ ਕਰੋ, ਜੇਕਰ ਤੁਹਾਨੂੰ ਸਾਡੀ ਗਲਤੀ ਲੱਗਦੀ ਹੈ ਤਾਂ ਸਾਨੂੰ ਸਜ਼ਾ ਦਿਓ। ਗਾਇਕ ਨੇ ਕਿਹਾ ਕਿ ਸਾਫ-ਸਾਫ ਸ਼ਬਦਾਂ 'ਚ ਧਮਕੀ ਦਿੱਤੀ ਜਾ ਰਹੀ ਹੈ ਅਸੀਂ ਕੇਸ ਖੋਲ੍ਹਾਂਗੇ, ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਨ ਲੱਗੇ ਤਾਂ ਅਕਾਲੀ-ਕਾਂਗਰਸੀਆਂ 'ਚ ਕੀ ਫਰਕ ਰਹਿ ਗਿਆ, ਜੇਕਰ ਰਾਜਨੀਤੀ ਬਦਲਾਖੋਰੀ ਹੀ ਕਰਨੀ ਹੈ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਆਪਣੇ ਗਾਣੇ 'ਚ ਕੁਝ ਗਲਤ ਨਹੀਂ ਬੋਲਿਆ ਮੈਂ ਸਿਰਫ ਆਪਣੇ ਲੋਕਾਂ ਨੂੰ ਸਵਾਲ ਕੀਤਾ ਹੈ, ਉਨ੍ਹਾਂ ਕਿਹਾ ਕਿ ਮੈਂ ਇਕ ਪਾਰਟੀ ਦਾ ਹੋਣ ਤੋਂ ਪਹਿਲਾਂ ਇਕ ਕਲਾਕਾਰ ਵੀ ਹਾਂ। ਉਨ੍ਹਾਂ ਨੇ ਕਿਹਾ ਕਿ ਰਹੀ ਗੱਲ ਕੇਸ ਖੋਲ੍ਹਣ ਦੀ ਤਾਂ ਉਨ੍ਹਾਂ ਨੇ ਮੇਰਾ ਕੇਸ ਹੁਣ ਖੋਲ੍ਹਣਾ ਹੈ ਸਾਡੇ ਵਾਲੇ ਮੰਤਰੀ ਨੇ ਪਹਿਲਾਂ ਹੀ ਮੇਰਾ ਕੇਸ ਖੋਲ੍ਹਿਆ ਹੈ। 
ਗੀਤ ਦੇ ਬੋਲਾਂ ਅਨੁਸਾਰ ਸਿੱਧੂ ਮੂਸੇਵਾਲਾ ਨੇ ਕਿਹਾ, ''ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਸ ਪਾਰਟੀ ਨੂੰ ਪਹਿਲਾਂ ਜਿੱਤ ਕਿਉਂ ਦਿੱਤੀ ਗਈ। ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਫਿਰ ਮੈਨੂੰ ਜਵਾਬ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ। ਕੌਣ ਜਿੱਤਿਆ ਤੇ ਕੌਣ ਹਾਰਿਆ। ਉਨ੍ਹਾਂ ਕਿਸਾਨਾਂ ਨੂੰ ਹਰਾਇਆ। ਉਸ ਨੇ ਸਿਮਰਜੀਤ ਮਾਨ ਨੂੰ ਵੀ ਹਰਾਇਆ ਸੀ। ਹੁਣ ਦੱਸੋ ਅਸਲੀ ਗੱਦਾਰ ਕੌਣ? ਲੜਾਈ ਇਸ ਤਰ੍ਹਾਂ ਬੈਠ ਕੇ ਨਹੀਂ ਲੜੀ ਜਾਂਦੀ। ਕੌਣ ਜਿੱਤਿਆ ਕੌਣ ਹਾਰਿਆ। ਦੱਸੋ ਗੱਦਾਰ ਕੌਣ ਹੈ।'
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਮਾਨਸਾ ਵਿਧਾਨ ਸਭਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਸੀ। ਪਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਹਾਰਣ ਤੋਂ ਬਾਅਦ ਸਿੱਧੂ ਮੂਸੇਵਾਲਾ ਪਹਿਲੀ ਵਾਰ ਨਵੇਂ ਗੀਤ ਰਾਹੀਂ ਸਾਹਮਣੇ ਆਏ ਸਨ ਜਿਸ 'ਤੇ ਕਾਫੀ ਬਵਾਲ ਮਚਿਆ 


Aarti dhillon

Content Editor

Related News