ਸ਼ਾਹ ਨੇ ਜ਼ੁਬੀਨ ਮੌਤ ਮਾਮਲੇ ''ਚ ਦੋਸ਼ੀਆਂ ਵਿਰੁੱਧ ਅਗਲੀ ਕਾਰਵਾਈ ਕਰਨ ਦੀ ਦਿੱਤੀ ਮਨਜ਼ੂਰੀ : ਹਿਮੰਤ
Tuesday, Nov 18, 2025 - 04:44 PM (IST)
ਗੁਹਾਟੀ- ਅਸਾਮ ਦੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਕਾਨੂੰਨੀ ਕਦਮ ਅੱਗੇ ਵਧਿਆ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਮੰਗਲਵਾਰ ਨੂੰ ਜੋ ਕਿ ਗਾਇਕ ਦੀ ਜਯੰਤੀ ਦਾ ਦਿਨ ਵੀ ਹੈ, ਇਸ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਰਗ ਦੀ ਮੌਤ ਨਾਲ ਜੁੜੇ ਦੋਸ਼ੀਆਂ ਖ਼ਿਲਾਫ਼ ਅੱਗੇ ਕਾਰਵਾਈ ਕਰਨ ਦੀ ਜ਼ਰੂਰੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 208 ਦੇ ਤਹਿਤ ਦਿੱਤੀ ਗਈ ਹੈ।
ਧਾਰਾ 208 ਕੀ ਹੈ?
ਸ਼ਰਮਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਪੱਸ਼ਟ ਕੀਤਾ ਕਿ ਬੀਐੱਨਐੱਸਐੱਸ ਦੀ ਧਾਰਾ 208 ਦਾ ਮਤਲਬ ਹੈ ਕਿ ਜੇਕਰ ਕੋਈ ਅਪਰਾਧ ਭਾਰਤ ਤੋਂ ਬਾਹਰ ਕੀਤਾ ਜਾਂਦਾ ਹੈ ਤਾਂ ਅਦਾਲਤ ਵੱਲੋਂ ਮਾਮਲਾ ਤਾਂ ਹੀ ਚੁੱਕਿਆ ਜਾ ਸਕਦਾ ਹੈ ਜਦੋਂ ਕੇਂਦਰ ਸਰਕਾਰ ਪਹਿਲਾਂ ਮਨਜ਼ੂਰੀ ਦੇਵੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਮਨਜ਼ੂਰੀ ਇੱਕ ਮਹੱਤਵਪੂਰਨ ਕਾਨੂੰਨੀ ਕਦਮ ਹੈ, ਜਿਸ ਨਾਲ ਪੁਲਸ ਨੂੰ ਆਰੋਪ ਪੱਤਰ (ਚਾਰਜ ਸ਼ੀਟ) ਦਾਖਲ ਕਰਨ ਅਤੇ ਮਾਮਲੇ ਦੀ ਸੁਣਵਾਈ ਲਈ ਕਾਨੂੰਨੀ ਤੌਰ 'ਤੇ ਮਜ਼ਬੂਤੀ ਨਾਲ ਅੱਗੇ ਵਧਣ ਦੀ ਇਜਾਜ਼ਤ ਮਿਲੇਗੀ।
ਜ਼ਿਕਰਯੋਗ ਹੈ ਕਿ ਜ਼ੁਬੀਨ ਗਰਗ ਦਾ ਦਿਹਾਂਤ 19 ਸਤੰਬਰ ਨੂੰ ਸਿੰਗਾਪੁਰ ਵਿੱਚ ਹੋਇਆ ਸੀ, ਜਿੱਥੇ ਉਹ 'ਨੌਰਥ ਈਸਟ ਇੰਡੀਆ ਫੈਸਟੀਵਲ' ਵਿੱਚ ਹਿੱਸਾ ਲੈਣ ਗਏ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਕਈ ਐੱਫਆਰਆਈਜ਼ ਦਰਜ ਕੀਤੀਆਂ ਗਈਆਂ ਸਨ। ਰਾਜ ਸਰਕਾਰ ਨੇ ਮਾਮਲਿਆਂ ਦੀ ਜਾਂਚ ਲਈ ਅਪਰਾਧ ਜਾਂਚ ਵਿਭਾਗ ਦੇ ਤਹਿਤ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।
ਇਸ ਸਿਲਸਿਲੇ ਵਿੱਚ ਫੈਸਟੀਵਲ ਦੇ ਆਯੋਜਕ ਸ਼ਿਆਮਕਾਨੂ ਮਹੰਤ, ਗਰਗ ਦੇ ਪ੍ਰਬੰਧਕ ਸਿਧਾਰਥ ਸ਼ਰਮਾ ਅਤੇ ਹੋਰਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
