ਸ਼੍ਰੋਮਣੀ ਕਮੇਟੀ ਨੇ ‘ਯਾਰੀਆਂ 2’ ਫ਼ਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ

Wednesday, Aug 30, 2023 - 12:12 PM (IST)

ਸ਼੍ਰੋਮਣੀ ਕਮੇਟੀ ਨੇ ‘ਯਾਰੀਆਂ 2’ ਫ਼ਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ

ਅੰਮ੍ਰਿਤਸਰ (ਦੀਪਕ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫ਼ਿਲਮਾਂਕਣ ਨੂੰ ਲੈ ਕੇ ‘ਯਾਰੀਆਂ 2’ ਫ਼ਿਲਮ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੇ ਹੁਕਮ ਦਿੱਤੇ ਹਨ। ਬੀਤੇ ਦਿਨੀਂ ਇਹ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਾਲ-ਨਾਲ ਆਈ. ਟੀ. ਮੰਤਰਾਲੇ ਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਪਾਸੋਂ ਇਸ ਫ਼ਿਲਮ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।

ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਕਿ 27 ਅਗਸਤ ਨੂੰ ਟੀ-ਸੀਰੀਜ਼ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਫ਼ਿਲਮ ਦੇ ਇਕ ਗੀਤ ’ਚ ਸਿਰੋਂ ਮੋਨੇ ਤੇ ਕਲੀਨਸ਼ੇਵ ਅਦਾਕਾਰ ਨੂੰ ਸਿੱਖ ਕਕਾਰ (ਗਾਤਰਾ ਕਿਰਪਾਨ) ਪਹਿਨਾ ਕੇ ਫ਼ਿਲਮਾਂਕਣ ਦਰਸਾਇਆ ਗਿਆ ਹੈ। ਇਸ ਨਾਲ ਦੇਸ਼ ਦੁਨੀਆ ਅੰਦਰ ਵੱਸਦੀ ਸਿੱਖ ਕੌਮ ਦੀਆਂ ਭਾਵਨਾਵਾਂ ਭਡ਼ਕੀਆਂ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਲੋਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ਿਕਾਇਤ ਵੀ ਭੇਜੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਦਿਓਲ ਹੁਣ ਨਹੀਂ ਬਣਾਉਣਗੇ ਕੋਈ ਫ਼ਿਲਮ, ਕਿਹਾ– ‘ਮੈਂ ਦੀਵਾਲੀਆ ਹੋ ਗਿਆ ਹਾਂ’

ਐਡਵੋਕੇਟ ਧਾਮੀ ਨੇ ਇਸ ਬਾਰੇ ਸਾਫ਼ ਤੌਰ ’ਤੇ ਕਿਹਾ ਹੈ ਕਿ ਕਿਸੇ ਵੀ ਫ਼ਿਲਮ ’ਚ ਸਿੱਖ ਕਕਾਰਾਂ ਤੇ ਸਿੱਖ ਸਿਧਾਂਤਾਂ ਦੀ ਤੌਹੀਨ ਬਰਦਾਸ਼ਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਬੰਧਤ ਫ਼ਿਲਮ ’ਚ ਸਿੱਖ ਕਕਾਰ ਕਿਰਪਾਨ ਤੇ ਗਾਤਰੇ ਨੂੰ ਸਿੱਖ ਸਿਧਾਂਤਾਂ ਤੇ ਮਰਿਆਦਾ ਵਿਰੁੱਧ ਪੇਸ਼ ਕਰਕੇ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਨੇ ਠੀਕ ਨਹੀਂ ਕੀਤਾ। ਇਸ ਦੇ ਨਾਲ ਹੀ ਟੀ-ਸੀਰੀਜ਼ ਕੰਪਨੀ ਵਲੋਂ ਇਹ ਸਿੱਖ ਵਿਰੋਧੀ ਦ੍ਰਿਸ਼ ਆਪਣੇ ਚੈਨਲ ’ਤੇ ਜਨਤਕ ਕਰਨ ਦੀ ਅਵੱਗਿਆ ਕੀਤੀ ਹੈ। ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨੂੰ ਕਿਸੇ ਵੀ ਕੀਮਤ ’ਤੇ ਰਿਲੀਜ਼ ਨਹੀਂ ਹੋਣ ਦੇਵੇਗੀ।

ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੇ ਲੋਕ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹਨ। ਉਨ੍ਹਾਂ ਆਖਿਆ ਕਿ ਪੂਰੇ ਦੇਸ਼ ਅੰਦਰ ਸਿੱਖ ਮਰਿਆਦਾ ਤੇ ਰਹਿਣੀ ਬਾਰੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਨੂੰ ਚਿੜਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨੂੰ ਲੈ ਕੇ ਗੰਭੀਰ ਹੈ ਤੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News