ਪਾਕਿਸਤਾਨ ਦੇ ਸਿੱਖ ਐਂਕਰ ਦੇ ਦਫ਼ਤਰ ’ਤੇ ਪੁਲਸ ਨੇ ਮਾਰਿਆ ਛਾਪਾ, ਇਮਰਾਨ ਖ਼ਾਨ ਦੀ ਖ਼ਬਰ ਚਲਾਉਣ ’ਤੇ ਕਾਰਵਾਈ
Thursday, Sep 03, 2026 - 04:42 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਪਹਿਲੇ ਸਿੱਖ ਟੀ. ਵੀ. ਐਂਕਰ ਅਤੇ ਪੱਤਰਕਾਰ ਵਜੋਂ ਪਛਾਣ ਬਣਾਉਣ ਵਾਲੇ ਹਰਮੀਤ ਸਿੰਘ ਨੇ ਇਸਲਾਮਾਬਾਦ ਪੁਲਸ ’ਤੇ ਆਪਣੇ ਡਿਜੀਟਲ ਸਟੂਡੀਓ ਵਿਚ ਛਾਪੇਮਾਰੀ, ਕਰਮਚਾਰੀਆਂ ਨਾਲ ਕੁੱਟਮਾਰ ਅਤੇ ਉਪਕਰਣ ਲੈ ਕੇ ਜਾਣ ਦੇ ਗੰਭੀਰ ਦੋਸ਼ ਲਾਏ ਹਨ। ਹਰਮੀਤ ਸਿੰਘ ਅਨੁਸਾਰ ਇਹ ਕਾਰਵਾਈ ਉਨ੍ਹਾਂ ਵੱਲੋਂ ਇਮਰਾਨ ਖ਼ਾਨ ਨਾਲ ਜੁੜੀਆਂ ਖ਼ਬਰਾਂ ਚਲਾਉਣ ਅਤੇ ਸਰਕਾਰ ਦੀਆਂ ਨੀਤੀਆਂ ’ਤੇ ਸਵਾਲ ਚੁੱਕਣ ਤੋਂ ਬਾਅਦ ਹੋਈ।
ਇਹ ਵੀ ਪੜ੍ਹੋ : ਸਿੰਧੂ ਜਲ ਸੰਧੀ ਮਾਮਲਾ: ਪਾਕਿ ਵੱਲੋਂ ਭਾਰਤ ਨੂੰ ਸੰਧੀ ਦੇ ਦਾਇਰੇ 'ਚ ਰਹਿ ਕੇ ਗੱਲਬਾਤ ਕਰਨ ਦਾ ਸੱਦਾ
ਹਰਮੀਤ ਸਿੰਘ ਨੇ 31 ਅਗਸਤ ਨੂੰ ਜਾਰੀ ਇਕ ਵੀਡੀਓ ’ਚ ਦਾਅਵਾ ਕੀਤਾ ਕਿ ਪੁਲਸ ਨੇ 30 ਅਗਸਤ ਨੂੰ ਉਨ੍ਹਾਂ ਦੇ ਸਟੂਡੀਓ ’ਤੇ ਛਾਪਾ ਮਾਰਿਆ। ਪੁਲਸ ਕਰਮਚਾਰੀਆਂ ਨੇ ਉੱਥੇ ਕੰਮ ਕਰ ਰਹੇ ਮੁਲਤਾਨ ਨਿਵਾਸੀ ਸੈਫ਼ ਅਤੇ ਉਨ੍ਹਾਂ ਦੇ ਸਹਿਯੋਗੀ ਰਜ਼ੀ ਤਾਹਿਰ ਨੂੰ ਹਿਰਾਸਤ ’ਚ ਲਿਆ ਅਤੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਅਤੇ ਤਸ਼ੱਦਦ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਸਟੂਡੀਓ ਤੋਂ 5 ਕੰਪਿਊਟਰ ਸਿਸਟਮ, ਕੈਮਰੇ, ਪਾਡਕਾਸਟ ਮਾਈਕ੍ਰੋਫ਼ੋਨ, ਸਟੈਂਡ, ਪ੍ਰੌਂਪਟਰ ਅਤੇ ਬੈਟਰੀਆਂ ਵੀ ਆਪਣੇ ਨਾਲ ਲੈ ਗਈ। ਹਰਮੀਤ ਸਿੰਘ ਦਾ ਕਹਿਣਾ ਹੈ ਕਿ ਟੀ.ਵੀ. ਸਕ੍ਰੀਨ ਤੋਂ ਪਾਬੰਦੀ ਅਤੇ ਨੌਕਰੀ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਮ੍ਹਾਪੂੰਜੀ ਨਾਲ ਡਿਜੀਟਲ ਸਟੂਡੀਓ ਸ਼ੁਰੂ ਕੀਤਾ ਸੀ ਪਰ ਹੁਣ ਪੱਤਰਕਾਰੀ ਜਾਰੀ ਰੱਖਣ ਲਈ ਉਨ੍ਹਾਂ ਕੋਲ ਨਾ ਨੌਕਰੀ ਬਚੀ ਹੈ ਅਤੇ ਨਾ ਹੀ ਜ਼ਰੂਰੀ ਸਾਧਨ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ: ਬੱਸ ਤੇ ਟਰੱਕ ਦੀ ਜ਼ੋਰਦਾਰ ਟੱਕਰ, 5 ਮੁਸਾਫ਼ਰਾਂ ਦੀ ਮੌਤ ਤੇ 20 ਜ਼ਖਮੀ
ਹਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੰਵਿਧਾਨ ਦੀ ਸਰਵਉੱਚਤਾ, ਲੋਕਤੰਤਰ, ਕਾਨੂੰਨ ਦੇ ਰਾਜ ਅਤੇ ਪੀੜਤਾਂ ਦੀ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਸੱਤਾਧਾਰੀਆਂ ਦੀ ਨਾਰਾਜ਼ਗੀ ਝੱਲਣੀ ਪਈ। ਉਨ੍ਹਾਂ ਨੇ ਨਾਗਰਿਕ ਸਮਾਜ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਤੋਂ ਪੱਤਰਕਾਰਾਂ ਦੇ ਕਥਿਤ ਸ਼ੋਸ਼ਣ ਵਿਰੁੱਧ ਆਵਾਜ਼ ਚੁੱਕਣ ਅਤੇ ਉਪਕਰਣ ਵਾਪਸ ਦਿਵਾਉਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
